ਤਿਰੰਗੇ ''ਤੇ ਬੋਲੀ ਮਹਿਬੂਬਾ- ਕਸ਼ਮੀਰ ਤੋਂ ਇਲਾਵਾ ਕੋਈ ਦੂਜਾ ਝੰਡਾ ਨਹੀਂ ਚੁੱਕਾਂਗੀ
Friday, Oct 23, 2020 - 07:18 PM (IST)
ਸ਼੍ਰੀਨਗਰ - ਲੰਬੇ ਸਮੇਂ ਤੱਕ ਮੀਡੀਆ ਤੋਂ ਦੂਰ ਰਹਿਣ ਵਾਲੀ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਕਈ ਮੁੱਦਿਆਂ 'ਤੇ ਖੁੱਲ੍ਹ ਕੇ ਗੱਲ ਕੀਤੀ। ਇਸ ਦੌਰਾਨ ਮਹਿਬੂਬਾ ਮੁਫਤੀ ਨੇ ਕਿਹਾ ਕਿ ਅਸੀਂ ਧਾਰਾ 370 ਵਾਪਸ ਲੈ ਕੇ ਰਹਾਂਗੇ। ਇਸਦੇ ਨਾਲ ਹੀ ਉਨ੍ਹਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਅਜਿਹਾ ਨਹੀਂ ਹੋ ਜਾਂਦਾ, ਉਹ ਕੋਈ ਵੀ ਚੋਣ ਨਹੀਂ ਲੜਨਗੀ। ਇਸ ਦੇ ਨਾਲ ਹੀ ਮਹਿਬੂਬਾ ਮੁਫਤੀ ਨੇ ਤਿਰੰਗੇ ਨੂੰ ਲੈ ਕੇ ਵੱਡੀ ਗੱਲ ਬੋਲੀ ਜਿਸ 'ਤੇ ਵਿਵਾਦ ਹੋਣਾ ਤੈਅ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਮਹਿਬੂਬਾ ਮੁਫਤੀ ਨੇ ਐਲਾਨ ਕੀਤਾ ਕਿ ਮੈਂ ਜੰਮੂ-ਕਸ਼ਮੀਰ ਤੋਂ ਇਲਾਵਾ ਦੂਜਾ ਕੋਈ ਝੰਡਾ ਨਹੀਂ ਚੁੱਕਾਂਗੀ। ਭਾਵ ਉਨ੍ਹਾਂ ਨੇ ਫਿਰ ਇੱਕ ਦੇਸ਼ ਦੋ ਝੰਡੇ ਵਾਲੀ ਸਿਆਸਤ ਨੂੰ ਅੱਗੇ ਕਰਦੇ ਹੋਏ ਤਿਰੰਗਾ ਹੱਥ 'ਚ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
ਮਹਿਬੂਬਾ ਮੁਫਤੀ ਨੇ ਕਿਹਾ, ਜਿਸ ਸਮੇਂ ਸਾਡਾ ਇਹ ਝੰਡਾ ਵਾਪਸ ਆਵੇਗਾ, ਅਸੀਂ ਉਸ (ਤਿਰੰਗਾ) ਝੰਡੇ ਨੂੰ ਵੀ ਚੁੱਕ ਲਵਾਂਗੇ ਪਰ ਜਦੋਂ ਤੱਕ ਸਾਡਾ ਆਪਣਾ ਝੰਡਾ, ਜਿਸ ਨੂੰ ਡਾਕੂਆਂ ਨੇ ਡਾਕੇ 'ਚ ਲੈ ਲਿਆ ਹੈ, ਉਦੋਂ ਤੱਕ ਅਸੀਂ ਕਿਸੇ ਹੋਰ ਝੰਡੇ ਨੂੰ ਹੱਥ 'ਚ ਨਹੀਂ ਫੜ੍ਹਾਂਗੇ। ਉਹ ਝੰਡਾ ਸਾਡੇ ਆਈਨ ਦਾ ਹਿੱਸਾ ਹੈ, ਸਾਡਾ ਝੰਡਾ ਤਾਂ ਇਹ ਹੈ। ਉਸ ਝੰਡੇ ਨਾਲ ਸਾਡਾ ਰਿਸ਼ਤਾ ਇਸ ਝੰਡੇ ਨੇ ਬਣਾਇਆ ਹੈ।