ਰੈਲੀ 'ਚ ਬੋਲੇ ਡੋਨਾਲਡ ਟਰੰਪ ਕਿਹਾ, 'ਭਾਰਤ ਤੇ ਚੀਨ ਨੇ ਫੈਲਾਇਆ ਹਵਾ ਪ੍ਰਦੂਸ਼ਣ'

10/16/2020 7:54:15 PM

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਚੋਣ ਰੈਲੀ ਵਿਚ ਭਾਰਤ, ਰੂਸ ਅਤੇ ਚੀਨ 'ਤੇ ਗਲੋਬਲ ਹਵਾ ਪ੍ਰਦੂਸ਼ਣ ਫੈਲਾਉਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਇਹ ਵੀ ਆਖਿਆ ਕਿ ਅਮਰੀਕਾ ਦੇ ਵਾਤਾਵਰਣ ਦੇ ਹਿਸਾਬ ਨਾਲ ਰਿਕਾਰਡ ਚੰਗਾ ਹੈ। ਟਰੰਪ ਨੇ ਇਹ ਗੱਲ ਉਸ ਵੇਲੇ ਆਖੀ ਜਦ ਉਹ ਅਹਿਮ ਬੈਟਲਗ੍ਰਾਉਂਡ ਸੂਬਾ ਨਾਰਥ ਕੈਰੋਲੀਨਾ ਵਿਚ ਵੀਰਵਾਰ ਨੂੰ ਆਪਣੇ ਸਮਰਥਕਾਂ ਨੂੰ ਸੰਬੋਧਿਤ ਕਰ ਰਹੇ ਸਨ। 3 ਨਵੰਬਰ ਨੂੰ ਅਮਰੀਕਾ ਵਿਚ ਲੋਕ ਰਾਸ਼ਟਰਪਤੀ ਚੋਣਾਂ ਲਈ ਵੋਟ ਪਾਉਣ ਜਾਣਗੇ। ਕੋਰੋਨਾਵਾਇਰਸ ਤੋਂ ਉਭਰੇ ਟਰੰਪ ਇਸ ਸਮੇਂ ਜਮ ਕੇ ਚੋਣ ਰੈਲੀਆਂ ਕਰ ਰਹੇ ਹਨ।

3 ਦੇਸ਼ਾਂ 'ਤੇ ਲਗਾਏ ਦੋਸ਼
ਰਿਪਬਲਿਕਨ ਪਾਰਟੀ ਦੇ ਉਮੀਦਵਾਰ ਰਾਸ਼ਟਰਪਤੀ ਟਰੰਪ ਨੇ ਆਖਿਆ ਕਿ ਉਨ੍ਹਾਂ ਦੇ ਕਾਰਜਕਾਲ ਵਿਚ ਅਮਰੀਕਾ ਨੇ ਵਾਤਾਵਰਣ ਦੀ ਰੱਖਿਆ ਕਰਦੇ ਹੋਏ ਊਰਜਾ ਸੁਤੰਤਰਤਾ ਹਾਸਲ ਕੀਤੀ ਹੈ। ਉਨ੍ਹਾਂ ਆਖਿਆ ਕਿ ਸਾਡਾ ਵਾਤਾਵਰਣੀ ਰਿਕਾਰਡ, ਓਜ਼ੋਨ ਰਿਕਾਰਡ ਅਤੇ ਕਈ ਹੋਰ ਰਿਕਾਰਡ ਸਭ ਤੋਂ ਚੰਗੇ ਹਨ। ਇਸ ਦੌਰਾਨ ਭਾਰਤ, ਰੂਸ ਅਤੇ ਚੀਨ ਇਨ੍ਹਾਂ ਸਾਰੇ ਦੇਸ਼ਾਂ ਨੇ ਹਵਾ ਨੂੰ ਪ੍ਰਦੂਸ਼ਿਤ ਕੀਤਾ ਹੈ। ਟਰੰਪ ਨੇ ਜੂਨ 2017 ਵਿਚ ਪੈਰਿਸ ਜਲਵਾਯੂ ਸਮਝੌਤੇ ਤੋਂ ਬਾਹਰ ਹੋਣ ਦਾ ਐਲਾਨ ਕੀਤਾ ਸੀ। ਉਨ੍ਹਾਂ ਦਾ ਆਖਣਾ ਸੀ ਕਿ ਇਸ ਸਮਝੌਤੇ ਕਾਰਨ ਅਮਰੀਕਾ ਨੂੰ ਅਰਬਾਂ ਡਾਲਰ ਦਾ ਨੁਕਸਾਨ ਹੋ ਰਿਹਾ ਹੈ ਅਤੇ ਰੁਜ਼ਗਾਰ ਖੋਹਿਆ ਜਾ ਰਿਹਾ ਹੈ। ਨਾਲ ਗੈਸ, ਆਇਲ ਅਤੇ ਕੋਲੇ ਦੀਆਂ ਫੈਕਟਰੀਆਂ ਵੀ ਘਾਟੇ ਵਿਚ ਜਾ ਰਹੀਆਂ ਹਨ।

ਪਹਿਲਾਂ ਵੀ ਲਾ ਚੁੱਕੇ ਨੇ ਦੋਸ਼
ਇਹ ਦੂਜੀ ਵਾਰ ਹੈ ਜਦ ਟਰੰਪ ਨੇ ਚੋਣ ਰੈਲੀ ਵਿਚ ਭਾਰਤ, ਚੀਨ ਅਤੇ ਰੂਸ 'ਤੇ ਦੋਸ਼ ਲਗਾਇਆ ਹੈ। ਇਸ ਤੋਂ ਪਹਿਲਾਂ 29 ਸਤੰਬਰ ਨੂੰ ਪਹਿਲਾਂ ਹੋਈ ਰਾਸ਼ਟਰਪਤੀ ਬਹਿਸ (ਪ੍ਰੈਸੀਡੈਂਸ਼ੀਅਲ ਡਿਬੇਟ) ਵਿਚ ਵੀ ਟਰੰਪ ਨੇ ਇਨ੍ਹਾਂ 3 ਦੇਸ਼ਾਂ 'ਤੇ ਦੋਸ਼ ਲਗਾਇਆ ਸੀ। ਬਹਿਸ ਵਿਚ ਕੋਰੋਨਾਵਾਇਰਸ ਮਹਾਮਾਰੀ 'ਤੇ ਬੋਲਦੇ ਹੋਏ ਟਰੰਪ ਨੇ ਆਖਿਆ ਸੀ ਕਿ ਭਾਰਤ, ਰੂਸ ਅਤੇ ਚੀਨ ਕੋਰੋਨਾਵਾਇਰਸ ਨਾਲ ਹੋਈਆਂ ਮੌਤਾਂ ਦੇ ਅੰਕੜੇ ਲੁਕਾ ਰਹੇ ਹਨ। ਆਪਣੇ ਵਿਰੋਧੀ ਧਿਰ ਦੇ ਡੈਮੋਕ੍ਰੇਟਿਕ ਜੋਅ ਬਾਇਡੇਨ ਦੇ ਇਕ ਸਵਾਲ ਦੇ ਜਵਾਬ ਵਿਚ ਟਰੰਪ ਨੇ ਆਖਿਆ ਕਿ ਦੁਨੀਆ ਵਿਚ ਕੋਈ ਨਹੀਂ ਜਾਣਦਾ ਕਿ ਇਨ੍ਹਾਂ ਦੇਸ਼ਾਂ ਕਿੰਨੀਆਂ ਮੌਤਾਂ ਹੋਈਆਂ ਹਨ, ਇਥੇ ਅੰਕੜੇ ਸਪੱਸ਼ਟ ਨਹੀਂ ਹਨ।


Khushdeep Jassi

Content Editor

Related News