ਸਪੀਕਰ ਕਾਨਫਰੰਸ: ਵਿਜੇਂਦਰ ਗੁਪਤਾ ਨੇ ਪੰਜਾਬ ਸਰਕਾਰ ਨੂੰ ਲਿਆ ਲੰਮੇ ਹੱਥੀਂ, ਪੰਜਾਬ ਦੇ ਸਪੀਕਰ ਸਾਹਮਣੇ ਚੁੱਕੇ ਸਵਾਲ

Tuesday, Jan 20, 2026 - 03:02 PM (IST)

ਸਪੀਕਰ ਕਾਨਫਰੰਸ: ਵਿਜੇਂਦਰ ਗੁਪਤਾ ਨੇ ਪੰਜਾਬ ਸਰਕਾਰ ਨੂੰ ਲਿਆ ਲੰਮੇ ਹੱਥੀਂ, ਪੰਜਾਬ ਦੇ ਸਪੀਕਰ ਸਾਹਮਣੇ ਚੁੱਕੇ ਸਵਾਲ

ਨੈਸ਼ਨਲ ਡੈਸਕ : ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ 86ਵੀਂ ਆਲ ਇੰਡੀਆ ਸਪੀਕਰ ਕਾਨਫਰੰਸ ਦੌਰਾਨ ਆਤਿਸ਼ੀ ਮਾਰਲੇਨਾ ਵਲੋਂ ਸਿੱਖ ਗੁਰੂ ਸਾਹਿਬਾਨ ਵਿਰੁੱਧ ਕਥਿਤ ਤੌਰ 'ਤੇ ਕੀਤੀਆਂ ਅਪਮਾਨਜਨਕ ਟਿੱਪਣੀਆਂ ਦਾ ਮੁੱਦਾ ਚੁੱਕਿਆ। ਇਸ ਮਾਮਲੇ ਦੇ ਸਬੰਧ ਵਿਚ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਵੱਲੋਂ ਕੀਤੀ ਗਈ ਕਾਰਵਾਈ ਨੂੰ ਅਨੈਤਿਕ ਕਰਾਰ ਦਿੰਦਿਆਂ ਇਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। 

ਸਪੀਕਰ ਵਿਜੇਂਦਰ ਗੁਪਤਾ ਨੇ ਆਲ ਇੰਡੀਆ ਸਪੀਕਰ ਕਾਨਫਰੰਸ ਦੌਰਾਨ ਕਿਹਾ ਕਿ 6 ਜਨਵਰੀ 2026 ਨੂੰ ਦਿੱਲੀ ਵਿਧਾਨ ਸਭਾ ਵਿੱਚ ਆਤਿਸ਼ੀ ਮਾਰਲੇਨਾ ਵਲੋਂ ਸਿੱਖ ਗੁਰੂਆਂ ਦੇ ਕਥਿਤ ਅਪਮਾਨ ਕੀਤਾ ਗਿਆ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਵਿਧਾਨ ਸਭਾ ਦੀ ਕਾਰਵਾਈ ਤੋਂ ਬਾਅਦ ਵਿਧਾਨ ਵਲੋਂ ਇਸ 'ਤੇ ਨੋਟਿਸ ਲਿਆ ਗਿਆ। ਇਸ ਘਟਨਾ ਨੂੰ ਲੈ ਕੇ ਵਿਧਾਨ ਸਭਾ ਵਲੋਂ ਕਮੇਟੀ ਬਣਾਈ ਗਈ, ਜਿਸ ਨੇ ਇਸ ਦੇ ਹਰੇਕ ਪਹਿਲੂ 'ਤੇ ਵਿਚਾਰ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਸਬੰਧ ਵਿਚ ਕਈ ਅਹਿਮ ਫੈਸਲੇ ਲਏ ਜਾ ਰਹੇ ਸਨ ਕਿ ਅਚਾਨਕ ਇਕ ਦੂਜੇ ਸੂਬੇ ਦੀ ਸਰਕਾਰ (ਪੰਜਾਬ ਸਰਕਾਰ) ਨੇ ਆ ਕੇ ਇਸ ਵਿਚ ਦਖ਼ਲ ਅੰਦਾਜ਼ੀ ਕੀਤੀ ਅਤੇ ਕਾਰਵਾਈ ਨੂੰ ਆਪਣੇ ਹੱਥਾਂ ਵਿਚ ਲੈ ਲਿਆ। 

ਸਪੀਕਰ ਨੇ ਕਿਹਾ ਕਿ ਆਤਿਸ਼ੀ ਮਾਮਲੇ ਨੂੰ ਲੈ ਕੇ ਇਕ ਵਿਧਾਨ ਮੰਡਲ ਵਿਚ ਗੱਲਬਾਤ ਹੋ ਰਹੀ ਹੈ, ਫੈਸਲੇ ਹੋ ਰਹੇ ਹਨ, ਵਿਚਾਰ-ਚਰਚਾ ਹੋ ਰਹੀ ਹੈ, ਪੱਖ ਅਤੇ ਵਿਰੋਧੀ ਮੈਂਬਰ ਉਸ ਵਿਚ ਸ਼ਾਮਲ ਹਨ, ਦੋਵੇਂ ਮਿਲ ਕੇ ਅਧਿਕਾਰੀਆਂ ਨੂੰ ਆਪਣੀ ਗੱਲ ਪੇਸ਼ ਕਰ ਰਹੇ ਹਨ ਅਤੇ ਕੋਈ ਫੈਸਲਾ ਲੈ ਰਹੇ ਹਨ ਤਾਂ ਇਸ ਦੌਰਾਨ ਦੂਜੇ ਸੂਬੇ ਦੀ ਸਰਕਾਰ ਵਲੋਂ ਦਖਲ-ਅੰਦਾਜ਼ੀ ਕੀਤੀ ਜਾਂਦੀ ਹੈ। ਸਰਕਾਰ ਵਲੋਂ ਆਪਣੇ ਆਧਾਰ 'ਤੇ ਇਸ ਦੀ ਕੀਤੀ ਜਾ ਰਹੀ ਕਾਰਵਾਈ ਦੀ ਮੈਂ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਾ ਹਾਂ।

ਇਸ ਉੱਚ ਪੱਧਰੀ ਕਾਨਫਰੰਸ ਦੀ ਪ੍ਰਧਾਨਗੀ ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰਿਵੰਸ਼ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਜਿਸ ਸਮੇਂ ਵਿਜੇਂਦਰ ਗੁਪਤਾ ਵੱਲੋਂ ਆਤਿਸ਼ੀ ਵਲੋਂ ਕੀਤੀਆਂ ਗਈਆਂ ਟਿੱਪਣੀਆਂ ਦਾ ਮੁੱਦਾ ਉਠਾਇਆ ਗਿਆ ਅਤੇ ਪੰਜਾਬ ਪੁਲਸ ਦੀ ਕਾਰਵਾਈ ਦੀ ਨਿੰਦਾ ਕੀਤੀ ਗਈ, ਉਸ ਸਮੇਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੀ ਕਾਨਫਰੰਸ ਵਿੱਚ ਮੌਜੂਦ ਸਨ।


author

rajwinder kaur

Content Editor

Related News