ਭਾਜਪਾ ਨਾਲ ਮਿਲੇ ਹੋਏ ਹਨ ਸਪਾ ਸਰਪ੍ਰਸਤ ਮੁਲਾਇਮ ਸਿੰਘ ਯਾਦਵ : ਮਾਇਆਵਤੀ

Tuesday, Mar 22, 2022 - 12:37 PM (IST)

ਲਖਨਊ (ਭਾਸ਼ਾ)- ਬਹੁਜਨ ਸਮਾਜ ਪਾਰਟੀ (ਬਸਪਾ) ਮੁਖੀ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਬਸਪਾ ਦੀ ਮਿਲੀਭਗਤ ਤੋਂ ਇਨਕਾਰ ਕਰਦੇ ਹੋਏ ਦਾਅਵਾ ਕੀਤਾ ਕਿ ਸਮਾਜਵਾਦੀ ਪਾਰਟੀ (ਸਪਾ) ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਭਾਜਪਾ ਨਾਲ ਮਿਲੇ ਹੋਏ ਹਨ। ਉਨ੍ਹਾਂ ਕਿਹਾ ਕਿ ਅੰਬੇਡਕਰਵਾਦੀ ਲੋਕ ਕਦੇ ਵੀ ਸਪਾ ਮੁਖੀਆ ਅਖਿਲੇਸ਼ ਯਾਦਵ ਨੂੰ ਮੁਆਫ਼ ਨਹੀਂ ਕਰਨਗੇ। ਬਸਪਾ ਮੁਖੀ ਨੇ ਮੰਗਲਵਾਰ ਨੂੰ ਟਵੀਟ ਕੀਤਾ,''ਉੱਤਰ ਪ੍ਰਦੇਸ਼ 'ਚ ਅੰਬੇਡਕਰਵਾਦੀ ਲੋਕ ਕਦੇ ਵੀ ਸਪਾ ਮੁਖੀਆ ਅਖਿਲੇਸ਼ ਯਾਦਵ ਨੂੰ ਮੁਆਫ਼ ਨਹੀਂ ਕਰਨਗੇ, ਜਿਨ੍ਹਾਂ ਨੇ ਆਪਣੀ ਸਰਕਾਰ 'ਚ ਅੰਬੇਡਕਰ ਦੇ ਨਾਮ ਨਾਲ ਬਣੀਆਂ ਯੋਜਨਾਵਾਂ ਅਤੇ ਜ਼ਿਆਦਾਤਰ ਸੰਸਥਾਵਾਂ ਦੇ ਨਾਮ ਬਦਲ ਦਿੱਤੇ, ਜੋ ਬੇਹੱਦ ਨਿੰਦਾਯੋਗ ਅਤੇ ਸ਼ਰਮਨਾਕ ਹੈ।'' ਮਾਇਆਵਤੀ ਨੇ ਇਕ ਹੋਰ ਟਵੀਟ 'ਚ ਮੁਲਾਇਮ ਸਿੰਘ ਦੇ ਛੋਟੇ ਬੇਟੇ ਪ੍ਰਤੀਕ ਯਾਦਵ ਦੀ ਪਤਨੀ ਅਰਪਣਾ ਯਾਦਵ ਦੇ ਭਾਜਪਾ 'ਚ ਸ਼ਾਮਲ ਹੋਣ ਵੱਲ ਇਸ਼ਾਰਾ ਕਰਦੇ ਹੋਏ ਕਿਹਾ,''ਭਾਜਪਾ ਨਾਲ ਬਸਪਾ ਨਹੀਂ ਸਗੋਂ ਸਪਾ ਸਰਪ੍ਰਸਤ ਮੁਲਾਇਮ ਸਿੰਘ ਮਿਲੇ ਹਨ।'' 

PunjabKesari

ਆਪਣੇ ਟਵੀਟ 'ਚ ਮਾਇਆਵਤੀ ਨੇ 2017 'ਚ ਯੋਗੀ ਆਦਿਤਿਆਨਾਥ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਸਮਾਰੋਹ ਵੱਲ ਇਸ਼ਾਰਾ ਕੀਤਾ, ਜਿਸ 'ਚ ਮੰਚ 'ਤੇ ਹੀ ਮੁਲਾਇਮ ਸਿੰਘ ਪ੍ਰਧਾਨ ਮੰਤਰੀ ਦੇ ਕੰਨ 'ਚ ਕੁਝ ਕਹਿੰਦੇ ਹੋਏ ਦਿੱਸ ਗਏ ਸਨ ਅਤੇ ਉਨ੍ਹਾਂ ਦੀ ਤਸਵੀਰ ਵੀ ਵਾਇਰਲ ਹੋਈ ਸੀ। ਇਸ ਵਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਰਪਣਾ ਯਾਦਵ ਭਾਜਪਾ 'ਚ ਸ਼ਾਮਲ ਹੋ ਗਈ। ਅਰਪਣਾ ਨੇ ਚੋਣਾਂ 'ਚ ਭਾਜਪਾ ਦੇ ਪੱਖ 'ਚ ਪ੍ਰਚਾਰ ਵੀ ਕੀਤਾ। 2017 ਦੀਆਂ ਵਿਧਾਨ ਸਭਾ ਚੋਣਾਂ 'ਚ ਲਖਨਊ ਦੇ ਕੈਂਟ ਵਿਧਾਨ ਸਭਾ ਖੇਤਰ ਤੋਂ ਸਪਾ ਉਮੀਦਵਾਰ ਰਹੀ ਅਰਪਣਾ ਯਾਦਵ ਨੂੰ ਭਾਜਪਾ ਦੀ ਰੀਤਾ ਬਹੁਗੁਣਾ ਜੋਸ਼ੀ ਨੇ ਹਰਾਇਆ ਸੀ। ਉੱਤਰ ਪ੍ਰਦੇਸ਼ ਦੀਆਂ 403 ਸੀਟਾਂ 'ਤੇ ਹਾਲ ਹੀ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਬਸਪਾ ਦਾ ਪ੍ਰਦਰਸ਼ਨ ਬਹੁਤ ਹੀ ਖ਼ਰਾਬ ਰਿਹਾ ਅਤੇ ਪਾਰਟੀ ਨੂੰ ਸਿਰਫ਼ ਇਕ ਸੀਟ 'ਤੇ ਜਿੱਤ ਮਿਲੀ। ਸਪਾ ਨੇ ਬਸਪਾ 'ਤੇ ਭਾਜਪਾ ਨਾਲ ਮਿਲੀਭਗਤ ਦਾ ਦੋਸ਼ ਲਗਾਇਆ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News