ਵਿਧਾਨ ਸਭਾ ''ਚ ਰੋਂਦਿਆਂ ਵਿਧਾਇਕ ਬੋਲਿਆ ਲੱਖਾਂ ਦੀ ਚੋਰੀ ਹੋਣ ਤੋਂ ਡੇਢ ਮਹਿਨੇ ਬਾਅਦ ਵੀ ਦਰਜ ਨਹੀਂ ਹੋਈ FIR

02/18/2019 11:22:40 PM

ਲਖਨਊ, (ਇੰਟ.)–ਉੱਤਰ ਪ੍ਰਦੇਸ਼ ਵਿਧਾਨ ਸਭਾ ’ਚ ਸੋਮਵਾਰ ਉਸ ਸਮੇਂ ਅਜੀਬ ਸਥਿਤੀ ਪੈਦਾ ਹੋ ਗਈ, ਜਦੋਂ ਇਕ ਵਿਧਾਇਕ ਉੱਚੀ-ਉੱਚੀ ਰੋਣ ਲੱਗ ਪਿਆ।
ਸਮਾਜਵਾਦੀ ਪਾਰਟੀ ਦੇ ਆਜ਼ਮਗੜ੍ਹ ਹਲਕੇ ਦੀ ਮੇਹਨਗਰ ਵਿਧਾਨ ਸਭਾ ਸੀਟ ਤੋਂ ਵਿਧਾਇਕ ਕਲਪਨਾਥ ਪਾਸਵਾਨ ਇਸ ਗੱਲ ਤੋਂ ਦੁਖੀ ਸਨ ਕਿ ਸੂਬੇ ਦੀ ਪੁਲਸ ਕਿਸੇ ਦੀ ਸੁਣਵਾਈ ਨਹੀਂ ਕਰ ਰਹੀ। ਹੱਥ ਜੋੜ ਕੇ ਰੋਂਦਿਆਂ ਕਲਪਨਾਥ ਨੇ ਕਿਹਾ ਕਿ ਮੇਰੇ 10 ਲੱਖ ਰੁਪਏ ਡੇਢ ਮਹੀਨਾ ਪਹਿਲਾਂ ਚੋਰੀ ਹੋ ਗਏ ਸਨ ਪਰ ਪੁਲਸ ਨੇ ਅਜੇ ਤਕ ਐੱਫ. ਆਈ. ਆਰ. ਦਰਜ ਨਹੀਂ ਕੀਤੀ।
ਕਲਪਨਾਥ ਨੇ ਕਿਹਾ ਕਿ ਮੇਰੇ ਨਾਲ ਇਨਸਾਫ ਕੀਤਾ ਜਾਏ। ਜੇ ਮੈਨੂੰ ਇਨਸਾਫ ਨਾ ਮਿਲਿਆ ਤਾਂ ਮੈਂ ਯਕੀਨੀ ਤੌਰ ’ਤੇ ਮਰ ਜਾਵਾਂਗਾ। ਅੱਜ ਮੈਂ ਰੋ ਰਿਹਾ ਹਾਂ, ਕਲ ਪੂਰਾ ਹਾਊਸ ਰੋਵੇਗਾ। ਮੈਂ ਪੂਰੇ ਹਾਊਸ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਮੇਰੀ ਮਦਦ ਕੀਤੀ ਜਾਵੇ। ਮੈਂ ਕਿੱਥੇ ਜਾਵਾਂ। ਮੈਂ ਇਕ ਗਰੀਬ ਕਿਸਾਨ ਹਾਂ। ਮੇਰਾ ਰੁਪਿਆ ਵਾਪਸ ਦੁਆਇਆ ਜਾਵੇ।
ਵਿਧਾਇਕ ਕਲਪਨਾਥ ਨੇ ਕਿਹਾ ਕਿ ਮੈਂ ਆਪਣਾ ਘਰ ਬਣਵਾਉਣਾ ਸੀ। 7 ਜਨਵਰੀ ਨੂੰ ਲਖਨਊ ਗਿਆ ਅਤੇ ਉਥੋਂ ਆਪਣੇ ਬੈਂਕ ਖਾਤੇ ’ਚੋਂ 10 ਲੱਖ ਰੁਪਏ ਕਢਵਾਏ। ਇਹ ਰਕਮ ਲੈ ਕੇ ਮੈਂ ਬੱਸ ਰਾਹੀਂ ਆਜ਼ਮਗੜ੍ਹ ਪੁੱਜਾ। ਉਥੇ ਬੱਸ ’ਚੋਂ ਉਤਰਨ ਪਿੱਛੋਂ ਸ਼ਾਰਦਾ ਚੌਕ ਦੇ ਇਕ ਹੋਟਲ ’ਚ ਚਾਹ ਪੀਣ ਲਈ ਰੁਕਿਆ। ਇਸ ਦੌਰਾਨ ਉਨ੍ਹਾਂ ਰੁਪਿਆਂ ਨਾਲ ਭਰਿਆ ਆਪਣਾ ਸੂਟਕੇਸ ਉਥੇ ਹੀ ਰੱਖ ਲਿਆ। ਹੋਟਲ ਤੋਂ ਬਾਹਰ ਆਉਂਦੇ ਸਮੇਂ ਉਨ੍ਹਾਂ ਸੂਟਕੇਸ ਚੁੱਕਿਆ ਤਾਂ ਉਹ ਕੁਝ ਹਲਕਾ ਲੱਗਾ, ਖੋਲ੍ਹ ਕੇ ਦੇਖਿਆ ਤਾਂ ਉਸ ਵਿਚੋਂ 10 ਲੱਖ ਰੁਪਏ ਗਾਇਬ ਸਨ। ਉਨ੍ਹਾਂ ਦੋਸ਼ ਲਾਇਆ ਕਿ ਇਸ ਸਬੰਧੀ ਮੇਰੀ ਅਜੇ ਤਕ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ। ਉਹ ਵੱਖ-ਵੱਖ ਥਾਣਿਆਂ ਦੇ ਚੱਕਰ ਲਾ ਕੇ ਥੱਕ ਗਏ ਹਨ। ਪੁਲਸ ਦੀ ਮਾੜੀ ਕਾਰਗੁਜ਼ਾਰੀ ਦੱਸਦਿਆਂ ਉਹ ਮੁੜ ਰੋਣ ਲੱਗ ਪਏ। ਸਾਥੀ ਵਿਧਾਇਕਾਂ ਨੇ ਉਨ੍ਹਾਂ ਨੂੰ ਹੌਸਲਾ ਦਿੱਤਾ ਅਤੇ ਅੱਥਰੂ ਪੂੰਝੇ।


Arun chopra

Content Editor

Related News