ਸੋਨੀਆ ਨੇ ਪਵਾਰ, ਅਬਦੁੱਲਾ ਸਮੇਤ ਕਈ ਨੇਤਾਵਾਂ ਨਾਲ ਕੀਤੀ ਬੈਠਕ

Wednesday, Dec 15, 2021 - 01:54 AM (IST)

ਨਵੀਂ ਦਿੱਲੀ - ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੰਗਲਵਾਰ ਨੂੰ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਅਤੇ ਵਿਰੋਧੀ ਧਿਰ ਦੇ ਕਈ ਹੋਰ ਸੀਨੀਅਰ ਨੇਤਾਵਾਂ ਦੇ ਨਾਲ ਬੈਠਕ ਕੀਤੀ, ਜਿਸ ’ਚ ਸੰਸਦ ਦੇ ਮੌਜੂਦਾ ਸਰਦ ਰੁੱਤ ਸੈਸ਼ਨ ’ਚ ਵਿਰੋਧੀ ਧਿਰ ਨੂੰ ਇੱਕਜੁਟ ਕਰਨ ਅਤੇ ਸਾਂਝਾ ਰਣਨੀਤੀ ਨੂੰ ਲੈ ਕੇ ਚਰਚਾ ਕੀਤੀ ਗਈ। ਸੂਤਰਾਂ ਅਨੁਸਾਰ ਸੋਨੀਆ ਗਾਂਧੀ ਦੇ ਨਿਵਾਸ 10-ਜਨਪਥ ’ਤੇ ਹੋਈ ਇਸ ਬੈਠਕ ’ਚ ਪਵਾਰ ਦੇ ਨਾਲ ਹੀ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ, ਸ਼ਿਵਸੈਨਾ ਨੇਤਾ ਸੰਜੈ ਰਾਊਤ ਅਤੇ ਡੀ. ਐੱਮ. ਕੇ. ਨੇਤਾ ਟੀ. ਆਰ. ਬਾਲੂ ਵੀ ਸ਼ਾਮਲ ਹੋਏ।

ਕਾਂਗਰਸ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ’ਚ ਅਜਿਹੀਆਂ ਹੋਰ ਵੀ ਬੈਠਕਾਂ ਹੋਣਗੀਆਂ ਤਾਕਿ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕੀਤਾ ਜਾ ਸਕੇ। ਇਸ ਬੈਠਕ ’ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਰਾਜ ਸਭਾ ’ਚ ਨੇਤਾ ਵਿਰੋਧੀ ਧਿਰ ਮਲਿਕਾਰਜੁਨ ਖੜਗੇ ਵੀ ਮੌਜੂਦ ਸਨ। ਸੂਤਰਾਂ ਅਨੁਸਾਰ ਸੋਨੀਆ ਗਾਂਧੀ ਨੇ ਇਸ ਬੈਠਕ ਲਈ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਅਤੇ ਤਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੂੰ ਸੱਦਾ ਦਿੱਤਾ ਸੀ। ਇਨ੍ਹਾਂ ਦੋਵਾਂ ਨੇਤਾਵਾਂ ਨੇ ਬੈਠਕ ਲਈ ਰਾਊਤ ਅਤੇ ਬਾਲੂ ਨੂੰ ਭੇਜਿਆ।

ਇਹ ਵੀ ਪੜ੍ਹੋ - ਵਿਅਕਤੀਗਤ ਸੰਪਰਕ, ਰਿਸ਼ਤਿਆਂ ਨੂੰ ਪ੍ਰਭਾਵਿਤ ਕਰ ਰਿਹੈ ਸਮਾਰਟਫੋਨ: ਸਰਵੇ

ਇਸ ਤੋਂ ਪਹਿਲਾਂ ਰਾਹੁਲ ਗਾਂਧੀ ਅਤੇ ਕਈ ਹੋਰ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਉੱਪਰੀ ਸਦਨ ’ਚ ‘ਅਭੱਦਰ ਵਿਹਾਰ’ ਨੂੰ ਲੈ ਕੇ ਸਰਦ ਰੁੱਤ ਸੈਸ਼ਨ ਦੀ ਰਹਿੰਦੀ ਮਿਆਦ ਲਈ ਮੁਅੱਤਲ ਕੀਤੇ ਗਏ ਰਾਜ ਸਭਾ ਦੇ 12 ਮੈਂਬਰਾਂ ਦੀ ਮੁਅੱਤਲੀ ਰੱਦ ਕਰਨ ਦੀ ਮੰਗ ਕਰਦੇ ਹੋਏ ਮੰਗਲਵਾਰ ਨੂੰ ਮਾਰਚ ਕੱਢਿਆ ਅਤੇ ਸਰਕਾਰ ’ਤੇ ਵਿਰੋਧੀ ਧਿਰ ਦੀ ਆਵਾਜ਼ ਦਬਾਉਣ ਦਾ ਦੋਸ਼ ਲਗਇਆ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


Inder Prajapati

Content Editor

Related News