ਰਾਜ ਸਭਾ ਲਈ ਚੁਣੇ ਗਏ ਸੋਨੀਆ ਗਾਂਧੀ ਅਤੇ ਭਾਜਪਾ ਦੇ ਦੋ ਉਮੀਦਵਾਰ

Tuesday, Feb 20, 2024 - 05:45 PM (IST)

ਜੈਪੁਰ- ਕਾਂਗਰਸ ਨੇਤਾ ਸੋਨੀਆ ਗਾਂਧੀ ਅਤੇ ਭਾਰਤੀ ਜਨਤਾ ਪਾਰਟੀ ਦੇ ਚੁੰਨੀ ਲਾਲ ਗਰਾਸੀਆ ਅਤੇ ਮਦਨ ਰਾਠੌੜ ਨੂੰ ਮੰਗਲਵਾਰ ਨੂੰ ਰਾਜਸਥਾਨ ਤੋਂ ਰਾਜ ਸਭਾ ਲਈ ਚੁਣੇ ਜਾਣ ਦਾ ਐਲਾਨ ਕਰ ਦਿੱਤਾ ਗਿਆ। ਇਹ ਜਾਣਕਾਰੀ ਵਿਧਾਨ ਸਭਾ ਦੇ ਪ੍ਰਮੁੱਖ ਸਕੱਤਰ ਅਤੇ ਰਾਜ ਸਭਾ ਦੇ ਰਿਟਰਨਿੰਗ ਅਫ਼ਸਰ ਮਹਾਵੀਰ ਪ੍ਰਸਾਦ ਸ਼ਰਮਾ ਨੇ ਦਿੱਤੀ। ਉਨ੍ਹਾਂ ਕਿਹਾ ਕਿ ਰਾਜਸਥਾਨ ਤੋਂ ਦੋ-ਸਾਲਾ ਰਾਜ ਸਭਾ ਚੋਣਾਂ-2024 ਲਈ ਤਿੰਨੋਂ ਉਮੀਦਵਾਰਾਂ ਨੂੰ ਤਿੰਨ ਸੀਟਾਂ 'ਤੇ ਬਿਨਾਂ ਮੁਕਾਬਲਾ ਚੁਣੇ ਜਾਣ ਦਾ ਐਲਾਨ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਰਾਜ ਸਭਾ ਚੋਣਾਂ 2024 ਲਈ ਸੂਬੇ ਦੀਆਂ ਤਿੰਨ ਸੀਟਾਂ ਲਈ ਚੋਣਾਂ ਹੋਣੀਆਂ ਸਨ ਅਤੇ ਸਿਰਫ਼ ਤਿੰਨ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਮੰਗਲਵਾਰ ਨੂੰ ਚੋਣਾਂ ਲਈ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ ਸੀ। ਕਿਸੇ ਵੀ ਉਮੀਦਵਾਰ ਨੇ ਆਪਣਾ ਨਾਂ ਵਾਪਸ ਨਾ ਲੈਣ ਕਾਰਨ ਤਿੰਨੋਂ ਉਮੀਦਵਾਰ ਚੁਣੇ ਗਏ ਐਲਾਨੇ ਗਏ। ਸ਼ਡਿਊਲ ਮੁਤਾਬਕ ਜੇਕਰ ਲੋੜ ਪਈ ਤਾਂ 27 ਫਰਵਰੀ ਨੂੰ ਵੋਟਿੰਗ ਹੋਣੀ ਸੀ।

ਰਾਜ ਸਭਾ ਤੋਂ ਰਾਜ ਸਭਾ ਮੈਂਬਰ ਡਾ. ਮਨਮੋਹਨ ਸਿੰਘ (ਕਾਂਗਰਸ) ਅਤੇ ਭੁਪਿੰਦਰ ਸਿੰਘ (ਭਾਜਪਾ) ਦਾ ਕਾਰਜਕਾਲ 3 ਅਪ੍ਰੈਲ ਨੂੰ ਖ਼ਤਮ ਹੋ ਰਿਹਾ ਹੈ। ਇਕ ਖਾਲੀ ਸੀਟ 'ਤੇ ਚੋਣ ਹੋਈ ਹੈ ਕਿਉਂ ਭਾਜਪਾ ਦੇ ਰਾਜ ਸਭਾ ਮੈਂਬਰ ਕਿਰੋੜੀ ਲਾਲ ਮੀਣਾ ਨੇ ਵਿਧਾਇਕ ਚੁਣੇ ਜਾਣ ਮਗਰੋਂ ਦਸੰਬਰ 'ਚ ਸੰਸਦ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਰਾਜਸਥਾਨ ਵਿਚ ਰਾਜ ਸਭਾ ਦੀਆਂ 10 ਸੀਟਾਂ ਹਨ। ਇਸ ਚੋਣ ਨਾਲ ਕਾਂਗਰਸ ਦੇ 6 ਅਤੇ ਭਾਜਪਾ ਦੇ 4 ਸੰਸਦ ਮੈਂਬਰ ਹੋ ਜਾਣਗੇ।


Tanu

Content Editor

Related News