ਪ੍ਰਯਾਗਰਾਜ ’ਚ ਪੁੱਤ ਨੇ ਕੀਤੀ ਪਿਓ ਦੀ ਗੋਲੀ ਮਾਰ ਕੇ ਹੱਤਿਆ
Sunday, Jun 14, 2026 - 04:00 AM (IST)
ਪ੍ਰਯਾਗਰਾਜ - ਪ੍ਰਯਾਗਰਾਜ ਦੇ ਕਰਨਲਗੰਜ ਥਾਣਾ ਖੇਤਰ ’ਚ ਸ਼ਨੀਵਾਰ ਸਵੇਰੇ ਸੈਰ ’ਤੇ ਨਿਕਲੇ 70 ਸਾਲਾ ਰਾਮ ਦੁਲਾਰੇ ਕੋਰੀ ਦੀ ਕਥਿਤ ਤੌਰ ’ਤੇ ਉਨ੍ਹਾਂ ਦੇ ਛੋਟੇ ਪੁੱਤਰ ਨੇ ਸਾਥੀ ਨਾਲ ਮਿਲ ਕੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਅਨੁਸਾਰ, ਘਟਨਾ ਲੱਲਾ ਚੁੰਗੀ ਚੌਕ ਦੇ ਕੋਲ ਹੋਈ, ਜਿੱਥੇ ਮੋਟਰਸਾਈਕਲ ਸਵਾਰ 2 ਹਮਲਾਵਰਾਂ ਨੇ ਬਜ਼ੁਰਗ ’ਤੇ ਗੋਲੀ ਚਲਾ ਦਿੱਤੀ। ਗੰਭੀਰ ਰੂਪ ’ਚ ਜ਼ਖਮੀ ਰਾਮ ਦੁਲਾਰੇ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਜਾਂਚ ਦੌਰਾਨ ਸੀ. ਸੀ. ਟੀ. ਵੀ. ਫੁਟੇਜ ਖੰਗਾਲਣ ’ਤੇ ਪੁਲਸ ਨੇ ਹਮਲਾਵਰਾਂ ਦੀ ਪਛਾਣ ਮ੍ਰਿਤਕ ਦੇ ਛੋਟੇ ਪੁੱਤਰ ਅਖਿਲੇਸ਼ ਉਰਫ਼ ਸ਼ਿਵਾ ਅਤੇ ਉਸ ਦੇ ਇਕ ਸਾਥੀ ਵਜੋਂ ਕੀਤੀ। ਪੁਲਸ ਦੇ ਸਹਾਇਕ ਕਮਿਸ਼ਨਰ ਵਿਮਲ ਕਿਸ਼ੋਰ ਮਿਸ਼ਰਾ ਨੇ ਦੱਸਿਆ ਕਿ ਰਾਮ ਦੁਲਾਰੇ ਅਤੇ ਉਨ੍ਹਾਂ ਦੇ ਪੁੱਤਰ ਵਿਚਾਲੇ ਗੁਜ਼ਾਰਾ ਭੱਤੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਅਤੇ ਮਾਮਲਾ ਅਦਾਲਤ ’ਚ ਵਿਚਾਰ ਅਧੀਨ ਸੀ। ਸ਼ੁਰੂਆਤੀ ਜਾਂਚ ’ਚ ਇਸੇ ਵਿਵਾਦ ਨੂੰ ਹੱਤਿਆ ਦਾ ਕਾਰਨ ਮੰਨਿਆ ਜਾ ਰਿਹਾ ਹੈ।
