ਅੱਤਵਾਦੀ ਅਫਜ਼ਲ ਗੁਰੂ ਦੇ ਬੇਟੇ ਨੇ 12ਵੀਂ ਬੋਰਡ ਚੋਂ 88 ਫੀਸਦੀ ਅੰਕ ਕੀਤੇ ਪ੍ਰਾਪਤ
Thursday, Jan 11, 2018 - 05:02 PM (IST)

ਸ਼੍ਰੀਨਗਰ— ਜੰਮੂ ਕਸ਼ਮੀਰ ਬੋਰਡ ਦੇ 12ਵੀਂ ਕਲਾਸ ਦੇ ਨਤੀਜੇ ਐਲਾਨ ਹੋ ਗਏ ਹਨ। ਸਟੇਟ ਬੋਰਡ ਦੇ ਵਿੰਟਰ ਜੋਨ ਦੇ 12ਵੀਂ ਕਲਾਸ ਦੇ ਨਤੀਜਿਆਂ ਦੀ ਖਾਸ ਗੱਲ ਇਹ ਹੈ ਕਿ ਅੱਤਵਾਦੀ ਮੁਹੰਮਦ ਅਫਜ਼ਲ ਗੁਰੂ ਦੇ ਬੇਟੇ ਗਾਲਿਬ ਗੁਰੂ ਨੇ ਇਕ ਵਾਰ ਫਿਰ ਬਾਜੀ ਮਾਰੀ ਹੈ। ਗਾਲਿਬ ਨੇ 12ਵੀਂ ਕਲਾਸ ਚੋਂ 88 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਦੱਸਣਾ ਚਾਹੁੰਦੇ ਹਾਂ ਕਿ ਗਾਲਿਬ ਗੁਰੂ ਨੇ 500 ਚੋਂ 441 ਅੰਕ ਪ੍ਰਾਪਤ ਕੀਤੇ ਹਨ ਅਤੇ ਅੰਗਰੇਜੀ 'ਚ 86 ਪ੍ਰਤੀਸ਼ਤ, ਫਿਜੀਕਸ 'ਚ 87 ਪ੍ਰਤੀਸ਼ਤ, ਕੈਮਿਸਟਰੀ 'ਚ 89 ਪ੍ਰਤੀਸ਼ਤ, ਬਾਇਓਲਾਜੀ 'ਚ 85 ਪ੍ਰਤੀਸ਼ਤ ਅਤੇ ਵਾਤਾਵਰਨ ਵਿਗਿਆਨ 'ਚ 94 ਪ੍ਰਤੀਸ਼ਤ ਅੰਕ ਹਾਸਿਲ ਕੀਤੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗਾਲਿਬ ਨੇ ਕਿਹਾ, ਮੇਰੇ ਪਿਤਾ ਮੈਨੂੰ ਡਾਕਟਰ ਬਣਾਉਣਾ ਚਾਹੁੰਦੇ ਸਨ। ਮੈਂ ਪੂਰੀ ਕੋਸ਼ਿਸ਼ ਕਰ ਰਿਹਾ ਹਾਂ ਕਿ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰ ਸਕਾ। ਮੈਂ ਇਹ ਸਭ ਆਪਣੇ ਪਿਤਾ ਲਈ ਕਰਨਾ ਚਾਹੁੰਦਾ ਹਾਂ ਅਤੇ ਮੈਂ ਉਨ੍ਹਾਂ ਨੂੰ ਯਾਦ ਕਰਦਾ ਹਾਂ।
ਜ਼ਿਕਰਯੋਗ ਹੈ ਕਿ ਮੁਹੰਮਦ ਅਫਜਲ ਗੁਰੂ ਨੂੰ ਸਾਲ 2013 'ਚ ਭਾਰਤੀ ਸੰਸਦ 'ਤੇ ਹਮਲਾ ਕਰਨ 'ਤੇ ਫਾਂਸੀ ਦੀ ਸਜ਼ਾ ਸੁਣਾਈ ਸੀ। ਉਸ ਸਮੇਂ ਅਫਜਲ ਗੁਰੂ ਦੀ ਫਾਂਸੀ ਦਾ ਕਸ਼ਮੀਰ 'ਚ ਕਾਫੀ ਵਿਰੋਧ ਕੀਤਾ ਗਿਆ ਸੀ ਅਤੇ ਅਫਜ਼ਲ ਗੁਰੂ ਦੇ ਨਾਮ 'ਤੇ ਇਕ ਅੱਤਵਾਦੀ ਸੰਗਠਨ ਅਫਜ਼ਲ ਗੁਰੂ ਸਕਵਾਇਡ ਵੀ ਸਰਗਰਮ ਹੈ।