ਜ਼ਮੀਨ ਦੇ ਟੁਕੜੇ ਲਈ ਪੁੱਤ ਨੇ ਪਿਤਾ, ਚਾਚੇ ਅਤੇ ਭੂਆ ਦਾ ਕੀਤਾ ਬੇਰਹਿਮੀ ਨਾਲ ਕਤਲ
Wednesday, Apr 12, 2023 - 05:49 PM (IST)
![ਜ਼ਮੀਨ ਦੇ ਟੁਕੜੇ ਲਈ ਪੁੱਤ ਨੇ ਪਿਤਾ, ਚਾਚੇ ਅਤੇ ਭੂਆ ਦਾ ਕੀਤਾ ਬੇਰਹਿਮੀ ਨਾਲ ਕਤਲ](https://static.jagbani.com/multimedia/2023_4image_17_28_055047444murder.jpg)
ਬਾਗਪਤ (ਵਾਰਤਾ)- ਉੱਤਰ ਪ੍ਰਦੇਸ਼ 'ਚ ਬਾਗਪਤ ਜ਼ਿਲ੍ਹੇ ਦੇ ਛਪਰੌਲੀ ਖੇਤਰ 'ਚ ਜ਼ਮੀਨ ਦੇ ਟੁਕੜੇ ਲਈ ਇਕ ਸ਼ਰਾਬੀ ਵਿਅਕਤੀ ਨੇ ਆਪਣੇ ਪਿਤਾ, ਚਾਚਾ ਅਤੇ ਭੂਆ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ। ਪੁਲਸ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਛਪਰੌਲੀ ਦੇ ਸ਼ਬਨਾ ਪਿੰਡ ਵਾਸੀ ਅੰਜਲ ਉਰਫ਼ ਮਾਲੂ ਨੇ ਪਿਤਾ ਰਿਸ਼ੀਪਾਲ (62), ਚਾਚਾ ਸ਼੍ਰੀਪਾਲ ਉਰਫ਼ ਘੋਲੂ (60) ਅਤੇ ਵਿਧਵਾ ਭੂਆ ਵੀਰਮਤੀ (58) ਦਾ ਮੰਗਲਵਾਰ ਦੇਰ ਰਾਤ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਦੋਸ਼ੀ ਬੁੱਧਵਾਰ ਸਵੇਰੇ ਮੋਟਰਸਾਈਕਲ ਲੈ ਕੇ ਆਪਣੀ ਦੂਜੀ ਭੂਆ ਦੇ ਇੱਥੇ ਸਿਰਸਲੀ ਪਿੰਡ ਪਹੁੰਚਿਆ ਅਤੇ ਉਨ੍ਹਾਂ ਨੂੰ ਤਿਹਰੇ ਕਤਲਕਾਂਡ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਉੱਥੋਂ ਫਰਾਰ ਹੋ ਗਿਆ।
ਕਤਲ ਦੀ ਖ਼ਬਰ ਮਿਲਦੇ ਹੀ ਦੋਸ਼ੀ ਦਾ ਫੂਫੜ, ਭੂਆ ਅਤੇ ਭੂਆ ਦਾ ਮੁੰਡਾ ਸ਼ਬਨਾ ਪਿੰਡ ਪਹੁੰਚੇ। ਉਨ੍ਹਾਂ ਨੇ ਦੇਖਿਆ ਕਿ ਲਾਸ਼ਾਂ ਕਮਰੇ ਦੇ ਅੰਦਰ ਸਨ ਅਤੇ ਬਾਹਰੋਂ ਤਾਲਾ ਲੱਗਾ ਸੀ। ਸੂਚਨਾ 'ਤੇ ਪੁੱਜੀ ਪੁਲਸ ਨੇ ਤਾਲਾ ਤੋੜ ਕੇ ਤਿੰਨੋਂ ਲਾਸ਼ਾਂ ਬਾਹਰ ਕੱਢੀਆਂ ਅਤੇ ਪੋਸਟਮਾਰਟਮ ਲਈ ਭੇਜੀਆਂ। ਫੂਫੜ ਦੇ ਪੁੱਤ ਨੇ ਦੋਸ਼ੀ ਖ਼ਿਲਾਫ਼ ਸ਼ਿਕਾਇਤ ਦਿੱਤੀ। ਪਿੰਡ ਵਾਸੀਆਂ ਨੇ ਦੱਸਿਆ ਕਿ ਅੰਜਲ ਸ਼ਰਾਬ ਪੀਣ ਦਾ ਆਦੀ ਸੀ, ਜਿਸ ਕਾਰਨ ਉਸ ਦਾ ਪਿਤਾ ਅਤੇ ਚਾਚਾ ਜ਼ਮੀਨ ਨੂੰ ਆਪਣੇ ਪੋਤਿਆਂ ਦੇ ਨਾਮ ਕਰਨਾ ਚਾਹੁੰਦੇ ਸਨ। ਇਸ ਗੱਲ ਨੂੰ ਲੈਕੇ ਅੰਜਲ ਨਾਰਾਜ਼ ਚੱਲ ਰਿਹਾ ਸੀ।