ਕਲਯੁੱਗੀ ਜਵਾਈ ਦਾ ਖ਼ੌਫਨਾਕ ਕਾਰਾ, ਸੁੱਤੇ ਪਏ ਸਹੁਰੇ ਦਾ ਬੇਰਹਿਮੀ ਨਾਲ ਕੀਤਾ ਕਤਲ
Tuesday, May 13, 2025 - 06:00 PM (IST)

ਸੋਹਨਾ- ਹਰਿਆਣਾ ਦੇ ਸੋਹਨਾ 'ਚ ਬੀਤੀ ਰਾਤ ਜਵਾਈ ਨੇ ਆਪਣੇ ਸਹੁਰੇ ਦਾ ਕਤਲ ਕਰ ਦਿੱਤਾ। ਜੁਰਮ ਕਰਨ ਤੋਂ ਬਾਅਦ ਦੋਸ਼ੀ ਨੇ ਕਮਰੇ ਨੂੰ ਬਾਹਰੋਂ ਬੰਦ ਕਰ ਦਿੱਤਾ ਅਤੇ ਮੌਕੇ ਤੋਂ ਭੱਜ ਗਿਆ। ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸੋਹਨਾ ਸਿਵਲ ਹਸਪਤਾਲ ਭੇਜ ਦਿੱਤਾ। ਪੁਲਸ ਨੇ ਮੌਕੇ ਤੋਂ ਕਤਲ ਵਿਚ ਵਰਤੇ ਗਏ ਸਮਾਨ ਨੂੰ ਕਬਜ਼ੇ ਵਿਚ ਲੈ ਲਿਆ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਝਾਰਖੰਡ ਦਾ ਰਹਿਣ ਵਾਲਾ ਪਰਿਵਾਰ ਸੋਹਨਾ ਦੇ ਵਾਰਡ ਨੰਬਰ- 19 ਵਿਚ ਕਿਰਾਏ 'ਤੇ ਰਹਿੰਦਾ ਹੈ। ਕੱਲ੍ਹ ਰਾਤ ਜਵਾਈ ਅਤੇ ਸਹੁਰੇ ਵਿਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ। ਦੋਸ਼ੀ ਜਵਾਈ ਨੇ ਸੌਂ ਰਹੇ ਆਪਣੇ ਸਹੁਰੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। 30 ਸਾਲਾ ਦੋਸ਼ੀ ਜੁਰਮ ਕਰਨ ਤੋਂ ਬਾਅਦ ਮੌਕੇ ਤੋਂ ਭੱਜ ਗਿਆ।
ਜਵਾਈ ਅਤੇ ਸਹੁਰਾ ਰਾਤ ਨੂੰ ਇਕੱਲੇ ਸਨ
ਮ੍ਰਿਤਕ ਦੀ ਧੀ ਨੇ ਦੱਸਿਆ ਕਿ ਉਸ ਦਾ ਪਤੀ ਕੱਲ੍ਹ ਰਾਤ ਸ਼ਰਾਬ ਪੀ ਕੇ ਘਰ ਆਇਆ ਸੀ। ਰਾਤ ਨੂੰ ਜਦੋਂ ਪਤੀ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤਾਂ ਉਹ ਬੱਚਿਆਂ ਨਾਲ ਕਿਸੇ ਜਾਣ-ਪਛਾਣ ਵਾਲੇ ਦੇ ਘਰ ਚਲੀ ਗਈ। ਰਾਤ ਨੂੰ ਘਰ ਵਿਚ ਸਿਰਫ਼ ਉਸ ਦਾ ਪਤੀ ਅਤੇ ਪਿਤਾ ਹੀ ਸਨ। ਜਦੋਂ ਉਹ ਸਵੇਰੇ ਆਈ ਤਾਂ ਉਸ ਨੇ ਵੇਖਿਆ ਕਿ ਕਮਰਾ ਬਾਹਰੋਂ ਬੰਦ ਸੀ। ਉਸ ਨੇ ਆਪਣੇ ਪਤੀ ਨੂੰ ਫ਼ੋਨ ਕੀਤਾ ਪਰ ਉਸਦਾ ਮੋਬਾਈਲ ਬੰਦ ਸੀ। ਉਸ ਨੇ ਆਪਣੇ ਪਿਤਾ ਨੂੰ ਫ਼ੋਨ ਕੀਤਾ ਪਰ ਉਨ੍ਹਾਂ ਨੇ ਵੀ ਫ਼ੋਨ ਨਹੀਂ ਚੁੱਕਿਆ।
ਘਰ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋਈ ਪੁਲਸ
ਮ੍ਰਿਤਕ ਦੀ ਧੀ ਨੇ ਇਸ ਬਾਰੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਮੌਕੇ 'ਤੇ ਪਹੁੰਚੀ ਅਤੇ ਘਰ ਦਾ ਤਾਲਾ ਤੋੜਿਆ ਤਾਂ ਕਮਰੇ ਦੇ ਅੰਦਰ ਖੂਨ ਨਾਲ ਲੱਥਪੱਥ ਇਕ ਵਿਅਕਤੀ ਦੀ ਲਾਸ਼ ਪਈ ਦੇਖੀ। ਸੀਨ ਆਫ਼ ਕ੍ਰਾਈਮ ਟੀਮ ਨੂੰ ਬੁਲਾਉਣ ਤੋਂ ਬਾਅਦ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਅਤੇ ਪੋਸਟਮਾਰਟਮ ਲਈ ਸੋਹਨਾ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰੱਖਵਾ ਦਿੱਤਾ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।