ਸਹੁਰੇ ਘਰ ਗਏ ਜਵਾਈ ਨੇ ਸੱਸ ''ਤੇ ਚੱਲਾ ਦਿੱਤੀਆਂ ਗੋਲੀਆਂ, ਜਾਣੋ ਕੀ ਹੈ ਮਾਮਲਾ
Friday, Jan 17, 2025 - 10:33 AM (IST)
ਅੰਬਾਲਾ- ਸਹੁਰੇ ਘਰ ਗਏ ਸ਼ਖਸ ਨੇ ਆਪਣੀ ਸੱਸ 'ਤੇ ਗੋਲੀਆਂ ਚਲਾ ਦਿੱਤੀਆਂ। ਗਨੀਮਤ ਇਹ ਰਹੀ ਕਿ ਔਰਤ ਨੂੰ ਗੋਲੀ ਛੂਹ ਕੇ ਨਿਕਲ ਗਈ। ਔਰਤ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ। ਇਹ ਮਾਮਲਾ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦਾ ਹੈ। ਜ਼ਖ਼ਮੀ ਔਰਤ ਨੂੰ ਇਲਾਜ ਲਈ ਅੰਬਾਲਾ ਦੇ ਨਾਗਰਿਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਫਿਲਹਾਲ ਔਰਤ ਦਾ ਇਲਾਜ ਜਾਰੀ ਹੈ।
ਕੀ ਹੈ ਪੂਰਾ ਮਾਮਲਾ?
ਇਹ ਪੂਰਾ ਮਾਮਲਾ ਅੰਬਾਲਾ ਨੇੜੇ ਸਥਿਤ ਮੰਡੋਰ ਪਿੰਡ ਦਾ ਹੈ। ਸੈਦਪੁਰ ਨਿਵਾਸੀ ਜਸ਼ਨਪ੍ਰੀਤ ਸਿੰਘ ਨੇ ਮੰਡੋਰ ਪਿੰਡ ਦੀ ਮਨਪ੍ਰੀਤ ਕੌਰ ਨਾਲ ਸਾਲ 2021 ਵਿਚ ਲਵ ਮੈਰਿਜ ਕਰਵਾਈ ਸੀ। ਮਨਪ੍ਰੀਤ ਦੇ ਪਰਿਵਾਰ ਦਾ ਦੋਸ਼ ਹੈ ਕਿ ਵਿਆਹ ਦੇ ਕੁਝ ਸਮੇਂ ਬਾਅਦ ਜਸ਼ਨਪ੍ਰੀਤ, ਮਨਪ੍ਰੀਤ ਨੂੰ ਦਾਜ ਲਈ ਪਰੇਸ਼ਾਨ ਕਰਨ ਲੱਗਾ। ਇਸ ਦੌਰਾਨ ਜਸ਼ਨਪ੍ਰੀਤ ਨੇ ਮਨਪ੍ਰੀਤ ਨਾਲ ਕੁੱਟਮਾਰ ਵੀ ਕੀਤੀ ਸੀ। ਜਸ਼ਨਪ੍ਰੀਤ ਦੀਆਂ ਹਰਕਤਾਂ ਤੋਂ ਤੰਗ ਆ ਕੇ ਮਨਪ੍ਰੀਤ ਦੀ ਮਾਂ ਨੇ 13 ਜਨਵਰੀ ਨੂੰ ਆਪਣੀ ਧੀ ਨੂੰ ਮੰਡੋਰ ਵਾਪਸ ਲਿਆਂਦਾ।
ਸੱਸ 'ਤੇ ਜਵਾਈ ਨੇ ਚਲਾਈਆਂ ਗੋਲੀਆਂ
ਜਸ਼ਨਪ੍ਰੀਤ ਮਨਪ੍ਰੀਤ ਨੂੰ ਆਪਣੇ ਨਾਲ ਲੈ ਕੇ ਜਾਣ ਆਇਆ ਸੀ। ਜਦੋਂ ਮਨਪ੍ਰੀਤ ਦੀ ਮਾਂ ਨੇ ਧੀ ਨੂੰ ਸਹੁਰੇ ਭੇਜਣ ਤੋਂ ਮਨਾ ਕਰ ਦਿੱਤਾ, ਤਾਂ ਜਸ਼ਨਪ੍ਰੀਤ ਨੇ ਉਸ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ਦਰਮਿਆਨ ਉਸ ਨੇ ਬੰਦੂਕ ਨਾਲ ਸੱਸ 'ਤੇ ਦੋ ਫਾਇਰ ਕਰ ਦਿੱਤੇ। ਇਸ ਤੋਂ ਬਾਅਦ ਉਹ ਆਪਣੀ ਕਾਰ 'ਚ ਬੈਠ ਕੇ ਫਰਾਰ ਹੋ ਗਿਆ। ਔਰਤ ਨੂੰ ਇਕ ਗੋਲੀ ਛੂਹ ਕੇ ਲੱਗ ਗਈ। ਗੋਲੀ ਚੱਲਣ ਦੀ ਸੂਚਨਾ ਮਿਲਦੇ ਹੀ ਪੁਲਸ ਦੀ ਟੀਮ ਵੀ ਮੌਕੇ 'ਤੇ ਪਹੁੰਚੀ ਅਤੇ ਔਰਤ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਓਧਰ ਪੀੜਤ ਔਰਤ ਨੇ ਦੱਸਿਆ ਕਿ ਜਸ਼ਨਪ੍ਰੀਤ ਦੀ ਮੇਰੀ ਧੀ ਨਾਲ ਲਵ ਮੈਰਿਜ ਕਰਵਾਈ ਸੀ। ਮੇਰੀ ਧੀ ਨੂੰ ਉਹ ਲੈਣ ਆਇਆ ਸੀ। ਅਸੀਂ ਮਨਾ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੇ ਗੋਲੀ ਚਲਾ ਦਿੱਤੀ। ਉਸ ਨੇ ਮੇਰੀ ਧੀ ਨਾਲ ਵੀ ਕੁੱਟਮਾਰ ਕੀਤੀ।
ਮਾਮਲੇ ਦੀ ਜਾਂਚ 'ਚ ਜੁੱਟੀ ਪੁਲਸ
ਇਸ ਪੂਰੇ ਮਾਮਲੇ ਵਿਚ ਪੰਜੋਖਰਾ ਥਾਣੇ ਤੋਂ ਜਾਂਚ ਅਧਿਕਾਰੀ ਗਿਆਨਚੰਦ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇਕ ਔਰਤ 'ਤੇ ਉਸ ਦੇ ਜਵਾਈ ਨੇ ਗੋਲੀ ਚੱਲਾ ਦਿੱਤੀ। ਜਦੋਂ ਮੌਕੇ 'ਤੇ ਪਹੁੰਚੇ ਤਾਂ ਉੱਥੋਂ ਇਕ ਖੋਲ ਅਤੇ ਬੰਦੂਕ ਬਰਾਮਦ ਹੋਈ। ਔਰਤ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ। ਫਿਲਹਾਲ ਪੁਲਸ ਦੀ ਟੀਮ ਦੋਸ਼ੀ ਦਾ ਪਤਾ ਲਾਉਣ ਵਿਚ ਜੁੱਟੀ ਹੋਈ ਹੈ। ਇਸ ਦੇ ਨਾਲ ਹੀ ਬੰਦੂਕ ਦੀ ਵੈਧਤਾ ਦੀ ਜਾਂਚ ਜਾਰੀ ਹੈ।