ਸਕੂਲ ਦੇ ਪਹਿਲੇ ਦਿਨ ਨੂੰ ਬਣਾਇਆ ਯਾਦਗਾਰ, ਵੇਖਦਾ ਰਹਿ ਗਿਆ ਹਰ ਕੋਈ
Sunday, Nov 10, 2024 - 05:53 PM (IST)
ਬਹਾਦਰਗੜ੍ਹ- ਹਰਿਆਣਾ ਦੇ ਬਹਾਦਰਗੜ੍ਹ ਵਿਚ ਇਕ ਅਨੋਖਾ ਮਾਮਲਾ ਦੇਖਣ ਨੂੰ ਮਿਲਿਆ, ਜਿਸ ਨੇ ਸਮਾਜ 'ਚ ਸਿੱਖਿਆ ਪ੍ਰਤੀ ਪ੍ਰੇਰਨਾਦਾਇਕ ਸੁਨੇਹਾ ਦਿੱਤਾ ਹੈ। ਦਰਅਸਲ ਬਹਾਦਰਗੜ੍ਹ ਦੇ ਪਰਿਵਾਰ ਨੇ ਆਪਣੇ ਪੁੱਤਰ ਦੇ ਸਕੂਲ ਦੇ ਪਹਿਲੇ ਦਿਨ ਨੂੰ ਯਾਦਗਾਰ ਬਣਾਉਣ ਲਈ ਕੁਝ ਅਜਿਹਾ ਕੀਤਾ। ਜਿਸ ਦੀ ਪੂਰੇ ਪਿੰਡ ਵਿਚ ਚਰਚਾ ਹੋ ਰਹੀ ਹੈ। ਪਰਿਵਾਰਕ ਮੈਂਬਰ ਬੱਚੇ ਨੂੰ ਘੋੜੀ 'ਤੇ ਬਿਠਾ ਕੇ ਬੈਂਡ ਦੇ ਨਾਲ ਸਕੂਲ ਲੈ ਗਏ।
ਇਸ ਤਰ੍ਹਾਂ ਸਕੂਲ ਦਾ ਪਹਿਲਾ ਦਿਨ ਯਾਦਗਾਰੀ ਬਣ ਗਿਆ। ਬੱਚੇ ਨੂੰ ਘੋੜੀ 'ਤੇ ਬੈਠਾ ਵੇਖ ਕੇ ਹਰ ਕੋਈ ਵੇਖਦਾ ਹੀ ਰਹਿ ਗਿਆ।
ਜਾਣਕਾਰੀ ਅਨੁਸਾਰ ਬਹਾਦਰਗੜ੍ਹ ਦੇ ਦਯਾਨੰਦ ਨਗਰ ਦਾ ਰਹਿਣ ਵਾਲਾ ਵਿਵੇਕ ਆਯੁਰਵੈਦਿਕ ਦਵਾਈਆਂ ਵੇਚਣ ਦਾ ਕੰਮ ਕਰਦਾ ਹੈ। ਵਿਵੇਕ ਦਾ ਕਹਿਣਾ ਹੈ ਕਿ ਉਸ ਦਾ ਪੁੱਤਰ ਅਨਮੋਲ ਸਾਹਿਬ 3 ਸਾਲ ਦਾ ਹੈ, ਉਹ ਹੁਣ ਤੱਕ ਘਰ ਹੀ ਰਹਿੰਦਾ ਸੀ। ਉਸ ਨੇ ਫੈਸਲਾ ਕੀਤਾ ਸੀ ਕਿ ਆਪਣੇ ਪੁੱਤਰ ਅਨਮੋਲ ਦੇ ਸਕੂਲ ਦੇ ਪਹਿਲੇ ਦਿਨ ਨੂੰ ਖਾਸ ਬਣਾਉਣ ਲਈ ਉਹ ਕੁਝ ਅਜਿਹਾ ਕਰੇਗਾ ਜੋ ਹਮੇਸ਼ਾ ਯਾਦਗਾਰ ਰਹੇਗਾ। ਉਸ ਨੇ ਅਨਮੋਲ ਨੂੰ ਲਾੜੇ ਦੀ ਤਰ੍ਹਾਂ ਸਜਾਇਆ, ਜਿਸ ਤੋਂ ਬਾਅਦ ਅਨਮੋਲ ਨੂੰ ਬੈਂਡ-ਵਾਜਿਆਂ ਦੇ ਨਾਲ ਘੋੜੀ 'ਤੇ ਸਕੂਲ ਛੱਡ ਦਿੱਤਾ। ਅਨਮੋਲ ਦੇ ਪਰਿਵਾਰ ਦੇ ਨਾਲ-ਨਾਲ ਗੁਆਂਢੀ ਵੀ ਸ਼ਾਮਲ ਹੋਏ ਅਤੇ ਬੈਂਡ ਦੀ ਧੁਨ 'ਤੇ ਡਾਂਸ ਕੀਤਾ।