ਪੁੱਤ ਨਿਕਲਿਆ ਕਾਤਲ; ਮਾਪਿਆਂ ਨੂੰ ਦਿੱਤੀ ਰੂਹ ਕੰਬਾਊ ਮੌਤ, ਫਿਰ ਨਹਿਰ ''ਚ ਸੁੱਟੀਆਂ ਲਾਸ਼ਾਂ

Wednesday, Mar 19, 2025 - 01:00 PM (IST)

ਪੁੱਤ ਨਿਕਲਿਆ ਕਾਤਲ; ਮਾਪਿਆਂ ਨੂੰ ਦਿੱਤੀ ਰੂਹ ਕੰਬਾਊ ਮੌਤ, ਫਿਰ ਨਹਿਰ ''ਚ ਸੁੱਟੀਆਂ ਲਾਸ਼ਾਂ

ਕਰਨਾਲ- ਹਰਿਆਣਾ ਦੇ ਕਰਨਾਲ ਵਿਚ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਕਮਾਲਪੁਰ ਰੋਡਾਂ ਪਿੰਡ ਵਿਚ ਪੁੱਤਰ ਨੇ ਜਾਇਦਾਦ ਦੀ ਖਾਤਰ ਆਪਣੇ ਮਾਪਿਆਂ ਦਾ ਕਤਲ ਕਰ ਦਿੱਤਾ। ਪੁਲਸ ਨੇ ਦੋਸ਼ੀ ਪੁੱਤਰ ਹਿੰਮਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਪੁੱਤ ਨੇ ਮਾਂ-ਬਾਪ ਦੀ ਲਾਸ਼ ਨੂੰ ਨਹਿਰ ਵਿਚ ਸੁੱਟ ਦਿੱਤਾ। ਹੁਣ ਪੁਲਸ ਨੇ ਮਾਂ ਦੀ ਲਾਸ਼ ਬਰਾਮਦ ਕਰ ਲਈ ਹੈ ਅਤੇ ਪਿਤਾ ਦੀ ਲਾਸ਼ ਦੀ ਭਾਲ ਜਾਰੀ ਹੈ।

ਦੱਸ ਦੇਈਏ ਕਿ ਵਾਰਦਾਤ ਸਬੰਧੀ ਜਰਨੈਲ ਸਿੰਘ ਵਾਸੀ ਕਮਾਲਪੁਰ ਰੋਡਾਂ ਨੇ ਸ਼ਿਕਾਇਤ ਦਿੱਤੀ ਸੀ ਕਿ 15 ਮਾਰਚ ਨੂੰ ਉਸ ਨੂੰ ਗੁਆਂਢ ਜ਼ਰੀਏ ਪਤਾ ਲੱਗਾ ਕਿ ਉਸ ਦਾ ਭਰਾ ਮਹਿੰਦਰ ਸਿੰਘ ਅਤੇ ਭਰਜਾਈ ਬਾਲਾ ਦੇਵੀ ਘਰ ਵਿਚ ਨਹੀਂ ਹਨ ਅਤੇ ਗੇਟ ਨੂੰ ਤਾਲਾ ਲੱਗਾ ਹੈ। ਸਾਰੇ ਰਿਸ਼ਤੇਦਾਰਾਂ ਤੋਂ ਪਤਾ ਕੀਤਾ ਪਰ ਉਨ੍ਹਾਂ ਦੀ ਜਾਣਕਾਰੀ ਨਹੀਂ ਮਿਲੀ। ਜਦੋਂ ਉਸ ਨੇ ਘਰ ਜਾ ਕੇ ਵੇਖਿਆ ਤਾਂ ਤਾਲੇ ਲੱਗੇ ਹੋਏ ਸਨ ਅਤੇ ਗੈਲਰੀ ਵਿਚ ਖੂਨ ਦੇ ਨਿਸ਼ਾਨ ਮਿਲੇ। ਇੰਦਰੀ ਥਾਣਾ ਪੁਲਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ ਅਤੇ ਆਲੇ-ਦੁਆਲੇ ਦੇ ਸੀ. ਸੀ. ਟੀ. ਵੀ. ਫੁਟੇਜ ਚੈਕ ਕੀਤੇ ਗਏ। ਇਸ ਦੌਰਾਨ ਟੀਮ ਨੂੰ ਕਈ ਸੂਬਤ ਮਿਲੇ ਅਤੇ ਦੋਸ਼ੀ ਤੱਕ ਪਹੁੰਚੀ। 

ਦੋਸ਼ੀ ਪੁੱਤ ਨੇ ਪੁੱਛ-ਗਿੱਛ ਦੌਰਾਨ ਖੁਲਾਸਾ ਕੀਤਾ ਕਿ ਪਿਤਾ ਨਾਲ ਅਣਬਣ ਅਤੇ ਜਾਇਦਾਦ ਵਿਵਾਦ ਸੀ। ਰੰਜ਼ਿਸ਼ ਕਾਰਨ ਉਸ ਨੇ 13 ਮਾਰਚ ਦੀ ਮੱਧ ਰਾਤ ਨੂੰ ਆਪਣੇ ਮਾਂ-ਪਿਓ ਦਾ ਕਤਲ ਕਰ ਲਾਸ਼ਾਂ ਨੂੰ ਨਹਿਰ ਵਿਚ ਸੁੱਟ ਆਇਆ। ਬਾਲਾ ਦੇਵੀ ਦੀ ਲਾਸ਼ ਬਰਾਮਦ ਕਰਨ ਮਗਰੋਂ ਪੋਸਟਮਾਰਟਮ ਦੀ ਕਾਰਵਾਈ ਹੋ ਚੁੱਕੀ ਹੈ, ਜਦਕਿ ਪਿਤਾ ਮਹਿੰਦਰ ਦੀ ਅਜੇ ਭਾਲ ਜਾਰੀ ਹੈ। ਪੁਲਸ ਕਾਰਵਾਈ ਵਿਚ ਜੁੱਟੀ ਹੋਈ ਹੈ।


author

Tanu

Content Editor

Related News