''ਕੁਝ ਲੋਕ ਆਪਣੇ ਹੀ ਗਠਜੋੜ ''ਚ ਨਿਆਂ ਨਹੀਂ ਕਰ ਪਾ ਰਹੇ'', ਅਨੁਰਾਗ ਠਾਕੁਰ ਨੇ ਇੰਡੀਆ ਗਠਜੋੜ ''ਤੇ ਵਿੰਨ੍ਹਿਆ ਨਿਸ਼ਾਨਾ
Saturday, Jan 27, 2024 - 02:13 PM (IST)
ਲਖਨਊ- ਬਿਹਾਰ 'ਚ ਸਿਆਸੀ ਹਲਚਲ ਦਰਮਿਆਨ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਸ਼ਨੀਵਾਰ ਨੂੰ 'ਇੰਡੀਆ' ਗਠਜੋੜ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਕੁਝ ਲੋਕ ਆਪਣੇ ਹੀ ਗਠਜੋੜ 'ਚ ਨਿਆਂ ਨਹੀਂ ਕਰ ਪਾ ਰਹੇ। ਦੱਸ ਦੇਈਏ ਕਿ ਠਾਕੁਰ ਨੇ ਲਖਨਊ 'ਚ 19ਵੇਂ ਏਸ਼ੀਆਈ ਅਤੇ ਚੌਥੇ ਪੈਰਾ ਅਤੇ ਰਾਸ਼ਟਰੀ ਖੇਡਾਂ ਦੇ ਪੁਰਸਕਾਰ ਵੰਡ ਸਮਾਰੋਹ ਦੌਰਾਨ ਇਹ ਟਿੱਪਣੀ ਕੀਤੀ। ਠਾਕੁਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਕੁਝ ਲੋਕ ਆਪਣੇ ਹੀ ਗਠਜੋੜ 'ਚ ਨਿਆਂ ਨਹੀਂ ਕਰ ਪਾ ਰਹੇ ਅਤੇ ਇਸ ਕਾਰਨ ਤੁਸੀਂ ਦੇਖ ਸਕਦੇ ਹੋ ਕਿ ਇਕ ਤੋਂ ਬਾਅਤ ਇਕ ਸੂਬਿਆਂ 'ਚ ਕੀ ਹੋ ਰਿਹਾ ਹੈ।
ਅਨੁਰਾਗ ਠਾਕੁਰ ਨੇ ਇਹ ਟਿੱਪਣੀ ਬਿਹਾਰ 'ਚ 'ਮਹਾਗਠਜੋੜ' 'ਚ ਦਰਾਰ ਦੀਆਂ ਅਟਕਲਾਂ ਦੇ ਮੱਦੇਨਜ਼ਰ ਕੀਤੀ ਹੈ, ਜਿਸ ਵਿਚ ਇਸ ਗੱਲ ਦੇ ਪੁਖਤਾ ਸੰਕੇਤ ਮਿਲ ਰਹੇ ਹਨ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ, ਜਦ ਯੂ (ਯੂ) ਪ੍ਰਧਾਨ, ਇਕ ਹੋਰ ਪਲਟਵਾਰ ਕਰ ਸਕਦੇ ਹਨ ਅਤੇ ਭਾਜਪਾ ਦੀ ਅਗਵਾਈ ਵਾਲੇ ਰਾਜਗ 'ਚ ਪਰਤ ਸਕਦੇ ਹਨ। ਅਨੁਰਾਗ ਨੇ ਕਿਹਾ ਕਿ 500 ਸਾਲਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਰਾਮ ਮੰਦਰ ਦਾ ਨਿਰਮਾਣ ਪੂਰਾ ਹੋ ਗਿਆ ਹੈ।
ਸ਼ੁੱਕਰਵਾਰ ਨੂੰ ਭਾਜਪਾ ਨੇਤਾਵਾਂ ਨੇ ਸਹਿਯੋਗੀਆਂ ਦੇ ਨਾਲ ਵਿਚਾਰ-ਵਟਾਂਦਰਾ ਕੀਤਾ, ਜਿਸ ਤੋਂ ਸੰਕੇਤ ਮਿਲੇ ਕਿ ਪਾਰਟੀ ਇਕ ਵਾਰ ਫਿਰ ਨਿਤੀਸ਼ ਕੁਮਾਰ ਦੇ ਨਾਲ ਹੱਥ ਮਿਲਾਉਣ ਲਈ ਤਿਆਰ ਹੈ ਕਿਉਂਕਿ ਇੰਡੀਆ ਗਠਜੋੜ ਦੇ ਸਹਿਯੋਗੀਆਂ ਦੇ ਨਾਲ ਉਨ੍ਹਾਂ ਦੇ ਸਬੰਧ ਬਹੁਤੇ ਮਜਬੂਤ ਨਹੀਂ ਦਿਸ ਰਹੇ।
ਭਾਜਪਾ ਨੇ ਸ਼ੁੱਕਰਵਾਰ ਨੂੰ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਦਾਅਵਾ ਕੀਤਾ ਸੀ ਕਿ ਪੱਛਮੀ ਬੰਗਾਲ 'ਚ ਮਮਤਾ ਬੈਨਰਜੀ ਦੀ ਸਰਕਾਰ ਨੇ ਸਭ ਤੋਂ ਪੁਰਾਣੀ ਪਾਰਟੀ ਦਾ ਅਪਮਾਨ ਕਰਨ ਲਈ ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਂ ਯਾਤਰਾ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰਨ ਦਾ ਫੈਸਲਾ ਕੀਤਾ ਹੈ। ਇਹ ਵੀ ਦੱਸਿਆ ਗਿਆ ਕਿ ਕਾਂਗਰਸ ਨੂੰ ਯਾਤਰਾ ਤਹਿਤ ਸੂਬੇ 'ਚ ਕੁਝ ਜਨਤਕ ਬੈਠਕਾਂ ਦੀ ਮਨਜ਼ੂਰੀ ਲੈਣ 'ਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।