ਸੋਸ਼ਲ ਮੀਡੀਆ ਚਲਾਉਣ ਵਾਲੇ ਹੋ ਜਾਣ ਸਾਵਧਾਨ, ਜੇ ਕੀਤਾ ਇਹ ਕੰਮ ਤਾਂ ਪੈ ਸਕਦੈ ਪਛਤਾਉਣਾ

Thursday, Nov 28, 2024 - 11:29 PM (IST)

ਸੋਸ਼ਲ ਮੀਡੀਆ ਚਲਾਉਣ ਵਾਲੇ ਹੋ ਜਾਣ ਸਾਵਧਾਨ, ਜੇ ਕੀਤਾ ਇਹ ਕੰਮ ਤਾਂ ਪੈ ਸਕਦੈ ਪਛਤਾਉਣਾ

ਨਵੀਂ ਦਿੱਲੀ, (ਭਾਸ਼ਾ)- ‘ਗੈਂਗਸਟਰਾਂ’ ਅਤੇ ਅਪਰਾਧੀਆਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਜਾਂ ਪ੍ਰੋਫਾਈਲਾਂ ਨੂੰ ਲਾਈਕ, ਸ਼ੇਅਰ ਜਾਂ ‘ਫਾਲੋ’ ਕਰਨਾ ਹੁਣ ‘ਇੰਟਰਨੈੱਟ’ ਖਪਤਕਾਰਾਂ ਲਈ ਸਮੱਸਿਆ ਬਣ ਸਕਦਾ ਹੈ। ਦਿੱਲੀ ਪੁਲਸ ਨੇ ਅਜਿਹੀਆਂ ਗਤੀਵਿਧੀਆਂ ’ਤੇ ਸਖ਼ਤ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ।

ਅਧਿਕਾਰੀਆਂ ਨੇ ਕਿਹਾ ਕਿ ‘ਸਮਾਜ ਵਿਰੋਧੀ’ ਅਨਸਰਾਂ ਦੀ ਪਛਾਣ ਕਰਨ ਲਈ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਪ੍ਰੋਫਾਈਲਾਂ ਦੀ ਲਗਾਤਾਰ ਜਾਂਚ ਕੀਤੀ ਜਾਵੇਗੀ। ਪੁਲਸ ਨੇ ‘ਅਸਮਾਜਿਕ’ ਅਨਸਰਾਂ ਦੀ ਸੂਚੀ ਵਿਚ ਉਨ੍ਹਾਂ ਲੋਕਾਂ ਨੂੰ ਰੱਖਿਆ ਹੈ ਜੋ ਅਪਰਾਧ ਕਰਨ ਤੋਂ ਬਾਅਦ ਕਈ ਵਾਰ ਗ੍ਰਿਫ਼ਤਾਰ ਹੋ ਚੁੱਕੇ ਹੋਣ, ਜੇਲ ਜਾਂ ਸੁਧਾਰ ਘਰ ਭੇਜੇ ਜਾ ਚੁੱਕੇ ਹੋਣ, ਰਿਹਾਅ ਹੋਣ ਤੋਂ ਬਾਅਦ ਉਹ ਮੁੜ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਹੋ ਗਏ ਹੋਣ।

ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਅਸੀਂ ਦਿੱਲੀ ਦੇ ਵੱਖ-ਵੱਖ ਜ਼ਿਲਿਆਂ ਦੇ ਸਾਰੇ ਪੁਲਸ ਥਾਣਿਆਂ ਅਤੇ ਚੌਕੀਆਂ ਨੂੰ ‘ਸਮਾਜ ਵਿਰੋਧੀ’ ਤੱਤਾਂ ਦੀਆਂ ਸੋਸ਼ਲ ਮੀਡੀਆ ਗਤੀਵਿਧੀਆਂ ’ਤੇ ਤਿੱਖੀ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਅਪਰਾਧੀਆਂ ਦੀ ਸੂਚੀ ਤਿਆਰ ਕੀਤੀ ਜਾਵੇਗੀ, ਜਿਨ੍ਹਾਂ ਨੂੰ ਇਹ ‘ਸਮਾਜ ਵਿਰੋਧੀ’ ਅਨਸਰ ‘ਫਾਲੋ’ ਕਰਦੇ ਹੋਣਗੇ।

ਉਨ੍ਹਾਂ ਕਿਹਾ ਕਿ ਸਾਰੇ 15 ਜ਼ਿਲਿਆਂ ਦੀ ਪੁਲਸ ਅਤੇ ਸਪੈਸ਼ਲ ਸੈੱਲ, ਅਪਰਾਧ ਸ਼ਾਖਾ, ਰੇਲਵੇ ਅਤੇ ਮੈਟਰੋ ਵਰਗੀਆਂ ਸਾਰੀਆਂ ਇਕਾਈਆਂ ਨੂੰ ਉਨ੍ਹਾਂ ਅਪਰਾਧੀਆਂ ਦੀ ਸੂਚੀ ਤਿਆਰ ਕਰਨ ਲਈ ਕਿਹਾ ਗਿਆ ਹੈ, ਜੋ ਸੋਸ਼ਲ ਮੀਡੀਆ ’ਤੇ ਕਿਸੇ ਵੀ ਗੈਂਗਸਟਰ ਨੂੰ ‘ਫਾਲੋ’ ਕਰ ਰਹੇ ਹੋਣ, ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀਆਂ ਪੋਸਟਾਂ ਨੂੰ ਲਾਈਕ ਜਾਂ ਸ਼ੇਅਰ ਕਰ ਰਹੇ ਹੋਣ, ਇਸ ਨਾਲ ਗੈਂਗਸਟਰ ਨਾਲ ਉਨ੍ਹਾਂ ਦੇ ਸਬੰਧਾਂ ਦਾ ਪਤਾ ਲਗਾਇਆ ਜਾ ਸਕੇਗਾ। ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਵੀ ਕਈ ‘ਸਮਾਜ ਵਿਰੋਧੀ’ ਅਨਸਰਾਂ ਨੂੰ ਸੋਸ਼ਲ ਮੀਡੀਆ ’ਤੇ ਹਥਿਆਰਾਂ ਨਾਲ ਫੋਟੋਆਂ ਜਾਂ ਵੀਡੀਓ ਪੋਸਟ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਸੀ।


author

Rakesh

Content Editor

Related News