Fact Check: ਬਾਘ ਨੂੰ ਹਾਥੀ 'ਤੇ ਲੈ ਜਾਣ ਦਾ ਵੀਡੀਓ ਬਿਹਾਰ ਦਾ ਨਹੀਂ, ਉੱਤਰਾਖੰਡ ਦਾ ਹੈ
Friday, Jan 10, 2025 - 01:08 PM (IST)
Fact Check By Vishvas News
ਨਵੀਂ ਦਿੱਲੀ- ਸੋਸ਼ਲ ਮੀਡੀਆ 'ਤੇ ਬਾਘ ਨੂੰ ਹਾਥੀ 'ਤੇ ਲਿਜਾਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਕੁਝ ਯੂਜ਼ਰਸ ਇਸ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਬਿਹਾਰ 'ਚ ਇਸ ਤਰੀਕੇ ਨਾਲ ਬਾਘ ਨੂੰ ਹਾਥੀ 'ਤੇ ਲਿਜਾਇਆ ਗਿਆ।
ਵਿਸ਼ਵਾਸ ਨਿਊਜ਼ ਦੀ ਜਾਂਚ 'ਚ ਪਤਾ ਲੱਗਾ ਕਿ ਵਾਇਰਲ ਵੀਡੀਓ ਬਿਹਾਰ ਦਾ ਨਹੀਂ, ਉੱਤਰਾਖੰਡ ਦਾ ਹੈ। ਦਰਅਸਲ, ਸਾਲ 2011 'ਚ ਉੱਤਰਾਖੰਡ ਦੇ ਰਾਮਨਗਰ ਇਲਾਕੇ 'ਚ ਜੰਗਲਾਤ ਗਾਰਡਾਂ ਨੇ 6 ਇਨਸਾਨਾਂ ਦਾ ਕਤਲ ਕਰਨ ਵਾਲੇ ਬਾਘ ਨੂੰ ਮਾਰ ਦਿੱਤਾ ਸੀ। ਪਿੰਡ ਵਾਸੀਆਂ ਨੇ ਲੋਕਾਂ ਨੂੰ ਦਿਖਾਉਣ ਲਈ ਉਸ ਦੀ ਲਾਸ਼ ਨੂੰ ਹਾਥੀ 'ਤੇ ਰੱਖ ਕੇ ਯਾਤਰਾ ਕੱਢੀ ਸੀ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ Pulse India ਨੇ 27 ਦਸੰਬਰ (ਆਰਕਾਈਵ ਲਿੰਕ) ਨੂੰ ਵੀਡੀਓ ਪੋਸਟ ਕਰਦੇ ਹੋਏ ਲਿਖਿਆ ਹੈ,''ਇਹ ਬਿਹਾਰੀ ਹੈ ਬਾਬੂ
ਇੱਥੇ ਉੱਡਦੀਆਂ ਚਿੜੀਆਂ ਨੂੰ ਵੀ ਹਲਦੀ ਲਗਾ ਦਿੰਦੇ ਹਨ…
ਅਜਿਹੇ ਅੱਧਭੁੱਤ ਨਜ਼ਾਰੇ ਤੁਹਾਨੂੰ
ਸਿਰਫ਼ ਬਿਹਾਰ 'ਚ ਹੀ ਦੇਖਣ ਨੂੰ ਮਿਲ ਸਕਦੇ ਹਨ!''
ਪੜਤਾਲ
ਵਾਇਰਲ ਵੀਡੀਓ ਦੀ ਜਾਂਚ ਕਰਨ ਲਈ, ਅਸੀਂ ਇਸ ਦਾ ਸਕ੍ਰੀਨਸ਼ਾਟ ਕੱਢ ਕੇ ਗੂਗਲ ਲੈਂਸ ਨਾਲ ਸਰਚ ਕੀਤਾ। ਇਸ ਸਬੰਧੀ ਖਬਰ ਇੰਡੀਆ ਟੂਡੇ ਦੀ ਵੈੱਬਸਾਈਟ 'ਤੇ 28 ਜਨਵਰੀ 2011 ਨੂੰ ਪ੍ਰਕਾਸ਼ਿਤ ਕੀਤੀ ਗਈ ਹੈ। ਇਸ 'ਚ ਵਾਇਰਲ ਵੀਡੀਓ ਦਾ ਸਕ੍ਰੀਨਸ਼ਾਟ ਦੇਖਿਆ ਜਾ ਸਕਦਾ ਹੈ। ਰਿਪੋਰਟ ਅਨੁਸਾਰ, ਉੱਤਰਾਖੰਡ ਦੇ ਰਾਮਨਗਰ ਡਿਵੀਜ਼ਨ 'ਚ ਜੰਗਲਾਤ ਗਾਰਡਾਂ ਨੇ 6 ਲੋਕਾਂ ਦੀ ਮੌਤ ਦੇ ਜ਼ਿੰਮੇਵਾਰ ਕਾਰਬੇਟ ਨੈਸ਼ਨਲ ਪਾਰਕ ਦੇ ਇਕ ਆਦਮਖੋਰ ਬਾਘ ਨੂੰ ਗੋਲੀ ਮਾਰ ਦਿੱਤੀ। ਸੁੰਦਰਖਾਲ ਖੇਤਰ 'ਚ ਜੰਗਲਾਤ ਅਧਿਕਾਰੀਆਂ ਨੇ ਉਸ ਨੂੰ ਉਦੋਂ ਫੜਿਆ, ਜਦੋਂ ਉਸ ਨੇ ਇਕ ਵਿਅਕਤੀ ਨੂੰ ਮਾਰ ਦਿੱਤਾ ਸੀ। ਪਿੰਡ ਵਾਸੀਆਂ ਨੇ ਬਾਘ ਦੀ ਮੌਤ 'ਤੇ ਖੁਸ਼ੀ ਮਨਾਉਣ ਅਤੇ ਉਸ ਦੀ ਲਾਸ਼ ਨੂੰ ਜਨਤਕ ਪ੍ਰਦਰਸ਼ਨ ਲਈ ਹਾਥੀ 'ਤੇ ਲੈ ਗਏ।
26 ਦਸੰਬਰ ਨੂੰ ਆਈਐੱਫਐੱਸ ਅਧਿਕਾਰੀ ਪ੍ਰਵੀਨ ਕਾਸਵਾਨ ਨੇ ਅਜਿਹਾ ਦਾਅਵਾ ਕਰਨ ਵਾਲੇ ਯੂਜ਼ਰ ਦੀ ਪੋਸਟ ਦਾ (ਆਰਕਾਈਵ ਲਿੰਕ) 'ਤੇ ਜਵਾਬ ਦਿੰਦੇ ਹੋਏ ਦੱਸਿਆ ਕਿ ਇਹ ਉੱਤਰਾਖੰਡ ਦੇ ਰਾਮਨਗਰ ਦਾ 2011 ਦਾ ਵੀਡੀਓ ਹੈ। ਬਾਘ ਨੇ 6 ਲੋਕਾਂ ਨੂੰ ਮਾਰ ਦਿੱਤਾ ਸੀ। ਬਾਅਦ ਵਿਚ ਜੰਗਲਾਤ ਗਾਰਡਾਂ ਨੇ ਉਸ ਦਾ ਸ਼ਿਕਾਰ ਕੀਤਾ ਸੀ।
27 ਜਨਵਰੀ 2011 ਨੂੰ ਹਿੰਦੁਸਤਾਨ ਟਾਈਮਜ਼ ਦੀ ਵੈੱਬਸਾਈਟ 'ਤੇ ਛਪੀ ਰਿਪੋਰਟ ਵਿਚ ਵੀ ਇਸ ਨਾਲ ਜੁੜਦੀ ਖਬਰ ਵੇਖੀ ਜਾ ਸਕਦੀ ਹੈ।
It’s an old video of 2011 from Ramnagar of Uttrakhand. The tiger killed 6 people and later hunted down by authorities. It was transported on elephant, maybe vehicles were not able to go to the place. https://t.co/vstI5vD2qy
— Parveen Kaswan, IFS (@ParveenKaswan) December 26, 2024
ਇਸ ਬਾਰੇ ਹਲਦਵਾਨੀ 'ਚ ਦੈਨਿਕ ਜਾਗਰਣ ਦੇ ਰਿਪੋਰਟਰ ਗੋਵਿੰਦ ਦਾ ਕਹਿਣਾ ਹੈ ਕਿ ਵਾਇਰਲ ਵੀਡੀਓ ਉੱਤਰਾਖੰਡ ਦਾ ਹੈ। ਹਾਲ ਹੀ 'ਚ ਇੱਥੇ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਹ ਵੀਡੀਓ ਪੁਰਾਣੀ ਹੈ।
ਅੰਤ 'ਚ ਅਸੀਂ ਵੀਡੀਓ ਨੂੰ ਗਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਯੂਜ਼ਰ ਦੇ ਕਰੀਬ 3500 ਫਾਲੋਅਰਜ਼ ਹਨ।
ਨਤੀਜਾ: ਜਨਵਰੀ 2011 'ਚ ਉੱਤਰਾਖੰਡ 'ਚ ਜੰਗਲਾਤ ਗਾਰਡਾਂ ਨੇ ਆਦਮਖੋਰ ਬਾਘ ਦਾ ਸ਼ਿਕਾਰ ਕੀਤਾ ਸੀ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਉਸ ਦੀ ਲਾਸ਼ ਨੂੰ ਹਾਥੀ 'ਤੇ ਰੱਖ ਕੇ ਯਾਤਰਾ ਕੱਢੀ ਸੀ। ਉਸ ਵੀਡੀਓ ਨੂੰ ਬਿਹਾਰ ਦਾ ਦੱਸਿਆ ਜਾ ਰਿਹਾ ਹੈ।
(Disclaimer: ਇਹ ਫੈਕਟ ਮੂਲ ਤੌਰ 'ਤੇ VishvasNews ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)