IGI : ਸੋਸ਼ਲ ਮੀਡੀਆ ’ਤੇ ਯਾਤਰੀਆਂ ਦੇ ਗੁੱਸੇ ਦਾ ਦਿਸਿਆ ਅਸਰ

Saturday, Dec 17, 2022 - 11:40 AM (IST)

ਨਵੀਂ ਦਿੱਲੀ- ਦਿੱਲੀ ਇੰਟਰਨੈਸ਼ਨਲ ਏਅਰਪੋਰਟ ਆਈ. ਜੀ. ਆਈ. ਦੇ ਟਰਮੀਨਲ-3 ਡਿਪਾਰਚਰ ਏਰੀਆ ’ਚ ਸੁਰੱਖਿਆ ਜਾਂਚ ਲਈ ਲੱਗਣ ਵਾਲੀਆਂ ਲੰਬੀਆਂ ਕਤਾਰਾਂ ਅਤੇ ਉਨ੍ਹਾਂ ’ਚ ਯਾਤਰੀਆਂ ਦੇ ਘੰਟਿਆਂਬੱਧੀ ਫਸੇ ਰਹਿਣ ਕਾਰਨ ਯਾਤਰੀਆਂ ਨੇ ਸੋਸ਼ਲ ਮੀਡੀਆ ’ਤੇ ਆਪਣਾ ਗੁੱਸਾ ਕੱਢਣਾ ਸ਼ੁਰੂ ਕਰ ਦਿੱਤਾ ਸੀ। ਇਸ ਨੂੰ ਇਕ ਮੁਹਿੰਮ ਵਾਂਗ ਯਾਤਰੀਆਂ ਨੇ ਨਾ ਸਿਰਫ ਦਿੱਲੀ ਏਅਰਪੋਰਟ ਦੇ ਆਪਰੇਟਰ ਨੂੰ, ਸਗੋਂ ਦੇਸ਼ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਨੂੰ ਵੀ ਸਿੱਧੇ ਟੈਗ ਕਰ ਕੇ ਸ਼ਿਕਾਇਤ ਕਰਨ ਲੱਗੇ। ਸੋਸ਼ਲ ਮੀਡੀਆ ’ਤੇ ਲੋਕਾਂ ਦੇ ਕੱਢੇ ਜਾ ਰਹੇ ਗੁੱਸੇ ਦਾ ਅਸਰ ਦਿਸਿਆ। ਨਤੀਜਾ ਇਹ ਹੋਇਆ ਕਿ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿਤਿਆ ਸਿੰਧੀਆ ਨੂੰ ਖੁਦ ਹਵਾਈ ਅੱਡੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣਾ ਪਿਆ।

ਇਸ ਤੋਂ ਬਾਅਦ ਲੋਕਾਂ ਦੀ ਇਸ ਸਮੱਸਿਆ ਨੂੰ ਦੂਰ ਕਰਨ ਲਈ ਤੁਰੰਤ ਕਾਰਵਾਈ ਕਰਦੇ ਹੋਏ ਕਈ ਵੱਡੇ ਫੈਸਲੇ ਲਏ ਗਏ। ਇਸ ਦਾ ਅਸਰ ਵੀ ਪੰਜ ਦਿਨਾਂ ’ਚ ਦੇਖਣ ਨੂੰ ਮਿਲਿਆ ਹੈ ਅਤੇ ਨਾ ਸਿਰਫ ਟਰਮੀਨਲ ’ਤੇ ਪਹਿਲਾਂ ਦੇ ਮੁਕਾਬਲੇ ਲੋਕਾਂ ਦੀ ਭੀੜ ’ਚ ਕਮੀ ਆਈ ਹੈ, ਸਗੋਂ ਹਵਾਬਾਜ਼ੀ ਮੰਤਰੀ ਨੇ ਖੁਦ ਟਵੀਟ ਕਰ ਕੇ ਅਤੇ ਫੋਟੋਆਂ ਪੋਸਟ ਕਰ ਕੇ ਦੱਸਿਆ ਹੈ ਕਿ ਕਤਾਰਾਂ ਹੁਣ ਲਗਭਗ ਨਾਂਹ ਦੇ ਬਰਾਬਰ ਰਹਿ ਗਈਆਂ ਹਨ।

ਪੰਜ ਨਵੀਆਂ ਐਕਸਰੇ ਮਸ਼ੀਨਾਂ ਲੱਗੀਆਂ

ਸੋਸ਼ਲ ਮੀਡੀਆ ’ਤੇ ਲੋਕਾਂ ਵੱਲੋਂ ਕੀਤੀਆਂ ਗਈਆਂ ਸ਼ਿਕਾਇਤਾਂ ’ਚ ਲੰਬੀ ਕਤਾਰਾਂ ਅਤੇ ਜਾਂਚ ਪ੍ਰਕਿਰਿਆ ’ਚ ਹੋਣ ਵਾਲੀ ਦੇਰੀ ਦੇ ਮੁੱਖ ਕਾਰਨਾਂ ’ਚ ਐਕਸਰੇ ਮਸ਼ੀਨਾਂ ਦੀ ਘਾਟ ਨੂੰ ਵੀ ਦੱਸਿਆ ਗਿਆ। ਯਾਤਰੀਆਂ ਦਾ ਕਹਿਣਾ ਸੀ ਕਿ ਟਰਮੀਨਲ ’ਚ ਯਾਤਰੀਆਂ ਦੀ ਗਿਣਤੀ ਦੇ ਹਿਸਾਬ ਨਾਲ ਲੋੜੀਂਦੀ ਗਿਣਤੀ ’ਚ ਐਕਸਰੇ ਮਸ਼ੀਨਾਂ ਨਹੀਂ ਹਨ। ਇਸ ਨਾਲ ਯਾਤਰੀਆਂ ਨੂੰ ਪਹਿਲਾਂ ਤਾਂ ਆਪਣੇ ਸਾਮਾਨ ਦੀ ਜਾਂਚ ਲਈ ਟਰੇ ਲੈ ਕੇ ਅੱਧਾ-ਅੱਧਾ ਘੰਟਾ ਉਡੀਕ ਕਰਨੀ ਪੈਂਦੀ ਹੈ। ਸੋਮਵਾਰ ਨੂੰ ਹਵਾਬਾਜ਼ੀ ਮੰਤਰੀ ਨੇ ਹਵਾਈ ਅੱਡੇ ਦੇ ਦੌਰੇ ਦੌਰਾਨ ਇਸ ਗੱਲ ਵੱਲ ਵੀ ਇਸ਼ਾਰਾ ਕੀਤਾ ਸੀ। ਇਸੇ ਦੇ ਮੱਦੇਨਜ਼ਰ ਸਕਿਓਰਿਟੀ ਸਕ੍ਰੀਨਿੰਗ ਏਰੀਆ ’ਚ 5 ਐਕਸਰੇ ਮਸ਼ੀਨਾਂ ਲਾਈਆਂ ਗਈਆਂ ਹਨ।

ਟੀ-3 ਐਂਟਰੀ ’ਤੇ ਪਹਿਲਾਂ ਨਾਲੋਂ ਘੱਟ ਭੀੜ

ਇਸ ਹਫ਼ਤੇ ਦੀ ਸ਼ੁਰੂਆਤ ’ਚ ਸਿੰਧੀਆ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਹਵਾਈ ਅੱਡੇ ਦਾ ਦੌਰਾ ਕੀਤਾ ਸੀ। ਇਸ ਦੌਰਾਨ ਉਹ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਨਜ਼ਰ ਆਏ। ਹੁਣ ਉਨ੍ਹਾਂ ਦਾ ਇਹ ਟਵੀਟ ਅਜੇ ਕੁਮਾਰ ਭੱਲਾ ਦੀ ਮੀਟਿੰਗ ਤੋਂ ਠੀਕ ਇਕ ਦਿਨ ਬਾਅਦ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਉਨ੍ਹਾਂ ਨੇ ਸਥਿਤੀ ਨੂੰ ਸੁਧਾਰਨ ’ਤੇ ਲਿੰਕਡਇਨ ’ਤੇ ਇਕ ਪੋਸਟ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਪਿਛਲੇ 24-36 ਘੰਟਿਆਂ ’ਚ, ਸਾਰੀਆਂ ਏਜੰਸੀਆਂ ਨੇ ਸਾਰੇ ਪ੍ਰਮੁੱਖ ਹਵਾਈ ਅੱਡਿਆਂ ’ਤੇ ਹਰ ਚੈੱਕ ਪੁਆਇੰਟ ’ਤੇ ਭੀੜ ਨੂੰ ਘੱਟ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਟਰਮੀਨਲ-3 ਦੇ ਐਂਟਰੀ ਪੁਆਇੰਟ ’ਤੇ ਪਹਿਲਾਂ ਨਾਲੋਂ ਘੱਟ ਭੀੜ ਵੇਖੀ ਜਾ ਰਹੀ ਹੈ।

‘ਵਾਧੂ ਸੁਰੱਖਿਆ ਗੇਟਾਂ ’ਤੇ ਵਾਧੂ ਲਾਉਂਜ ਹਟਾਓ’

ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਸੀ. ਆਈ. ਐੱਸ. ਐੱਫ. ਵਲੋਂ ਏਅਰਪੋਰਟ ਆਪਰੇਟਰ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਨੂੰ ਸੁਰੱਖਿਆ ਸਕ੍ਰੀਨਿੰਗ ਖੇਤਰ ਦਾ ਵਿਸਤਾਰ ਕਰਨ ਅਤੇ ਵਾਧੂ ਸੁਰੱਖਿਆ ਗੇਟ ਲਗਾਉਣ ਲਈ ਉਥੇ ਬਣੇ ਲਾਉਂਜ ਨੂੰ ਹਟਾਉਣ ਦੀ ਸਲਾਹ ਦਿੱਤੀ ਹੈ।

ਜਲਦ ਸ਼ੁਰੂ ਹੋਣਗੇ ਖਾਲੀ ਪਏ ਇਮੀਗ੍ਰੇਸ਼ਨ ਕਾਊਂਟਰ

ਇਮੀਗ੍ਰੇਸ਼ਨ ਲਈ ਬਣੇ ਕਾਊਂਟਰਾਂ ’ਚੋਂ ਲਗਭਗ 30 ਫੀਸਦੀ ਕਾਊਂਟਰ ਨਹੀਂ ਖੁੱਲ੍ਹਦੇ। ਇਸ ਨੂੰ ਵੇਖਦੇ ਹੋਏ ਇਨ੍ਹਾਂ ਕਾਊਂਟਰਾਂ ਨੂੰ ਵੀ ਖੋਲ੍ਹਣ ਦੀ ਸਲਾਹ ਦਿੱਤੀ ਗਈ ਸੀ। ਇਮੀਗ੍ਰੇਸ਼ਨ ਵਿਭਾਗ ਨੇ ਇਸ ’ਤੇ ਕੰਮ ਸ਼ੁਰੂ ਕੀਤਾ, ਕੁਝ ਦਿਨਾਂ ’ਚ ਇਨ੍ਹਾਂ ਬੰਦ ਪਏ ਕਾਊਂਟਰਾਂ ਨੂੰ ਵੀ ਸ਼ੁਰੂ ਕਰਨ ਅਤੇ ਇਨ੍ਹਾਂ ਛੁੱਟੀਆਂ ਦੇ ਸੀਜ਼ਨ ਦੌਰਾਨ ਨਿਯਮਤ ਤੌਰ ’ਤੇ ਚਾਲੂ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।


Rakesh

Content Editor

Related News