ਕੋਰੋਨਾ ਨੇ ਫ਼ੜੀ ਰਫ਼ਤਾਰ : ਦੇਸ਼ ’ਚ ਇਕ ਦਿਨ ’ਚ 58 ਹਜ਼ਾਰ ਤੋਂ ਵੱਧ ਨਵੇਂ ਮਾਮਲੇ, ਓਮੀਕ੍ਰੋਨ ਕੇਸ 2 ਹਜ਼ਾਰ ਤੋਂ ਪਾਰ
Wednesday, Jan 05, 2022 - 12:18 PM (IST)
ਨਵੀਂ ਦਿੱਲੀ (ਭਾਸ਼ਾ)- ਭਾਰਤ ’ਚ ਹੁਣ ਤੱਕ ਕੋਰੋਨਾ ਵਾਇਰਸ ਦੇ ਨਵੇਂ ਰੂਪ ‘ਓਮੀਕ੍ਰੋਨ’ ਦੇ 2,135 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚੋਂ 828 ਲੋਕ ਠੀਕ ਹੋ ਚੁਕੇ ਹਨ ਜਾਂ ਹੋਰ ਸਥਾਨਾਂ ’ਤੇ ਚਲੇ ਗਏ ਹਨ। ਇਹ ਮਾਮਲੇ 24 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਸਾਹਮਣੇ ਆਏ। ਕੇਂਦਰੀ ਸਿਹਤ ਮੰਤਰਾਲਾ ਨੇ ਬੁੱਧਵਾਰ ਨੂੰ ਦੱਸਿਆ ਕਿ ਮਹਾਰਾਸ਼ਟਰ ’ਚ ਸਭ ਤੋਂ ਵੱਧ 653 ਮਾਮਲੇ ਸਾਹਮਣੇ ਆਏ, ਇਸ ਤੋਂ ਬਾਅਦ ਦਿੱਲੀ ’ਚ 464, ਕੇਰਲ ’ਚ 185, ਰਾਜਸਥਾਨ ’ਚ 174, ਗੁਜਰਾਤ ’ਚ 154 ਅਤੇ ਤਾਮਿਲਨਾਡੂ ’ਚ 121 ਮਾਮਲੇ ਸਾਹਮਣੇ ਆਏ। ਮੰਤਰਾਲਾ ਵਲੋਂ ਸਵੇਰੇ ਜਾਰੀ ਅੰਕੜਿਆਂ ਅਨੁਸਾਰ, ਭਾਰਤ ’ਚ ਇਕ ਦਿਨ ’ਚ ਕੋਰੋਨਾ ਦੇ 58,097 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ’ਚ ਪੀੜਤਾਂ ਦੀ ਗਿਣਤੀ ਵੱਧ ਕੇ 3,50,18,358 ਹੋ ਗਈ ਹੈ। ਕਰੀਬ 199 ਦਿਨਾਂ ਬਾਅਦ ਇੰਨੇ ਵੱਧ ਰੋਜ਼ਾਨਾ ਮਾਮਲੇ ਸਾਹਮਣੇ ਆਏ ਹਨ, ਇਸ ਤੋਂ ਪਹਿਲਾਂ 20 ਜੂਨ 2021 ਨੂੰ 58,419 ਨਵੇਂ ਮਾਮੇਲ ਸਾਹਮਣੇ ਆਏ ਸਨ। ਦੇਸ਼ ’ਚ 534 ਹੋਰ ਪੀੜਤਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 4,82,551 ਹੋ ਗਈ ਹੈ।
ਉੱਥੇ ਹੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਕਰੀਬ 81 ਦਿਨਾਂ ਬਾਅਦ 2 ਲੱਖ ਦੇ ਪਾਰ ਚੱਲੀ ਗਈ ਹੈ। ਦੇਸ਼ ’ਚ ਹਾਲੇ 2,14,004 ਲੋਕਾਂ ਦਾ ਕੋਰੋਨਾ ਵਾਇਰਸ ਸੰਕਰਮਣ ਦਾ ਇਲਾਜ ਚੱਲ ਰਿਹਾ ਹੈ, ਜੋ ਸੰਕਰਮਣ ਦੇ ਕੁੱਲ ਮਾਮਲਿਆਂ ਦਾ 0.61 ਫੀਸਦੀ ਹੈ। ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ’ਚ 42,174 ਦਾ ਵਾਧਾ ਦਰਜ ਕੀਤਾ ਗਿਆ। ਦੇਸ਼ ’ਚ ਹੁਣ ਤੱਕ ਕੁੱਲ 3,43,21,803 ਲੋਕ ਸੰਕਰਮਣ ਤੋਂ ਠੀਕ ਹੋ ਚੁਕੇ ਹਨ ਅਤੇ ਕੋਰੋਨਾ ਨਾਲ ਮੌਤ ਦਰ 1.38 ਫੀਸਦੀ ਹੈ। ਰਾਸ਼ਟਰਵਿਆਪੀ ਟੀਕਾਕਰਨ ਮੁਹਿੰਮ ਦੇ ਅਧੀਨ ਹੁਣ ਤੱਕ ਕੋਰੋਨਾ ਰੋਕੂ ਟੀਕਿਆਂ ਦੀਆਂ 147.72 ਕਰੋੜ ਤੋਂ ਵੱਧ ਖ਼ੁਰਾਕਾਂ ਦਿੱਤੀਆਂ ਜਾ ਚੁਕੀਆਂ ਹਨ।