ਹਿਮਾਚਲ ਤੇ ਕਸ਼ਮੀਰ ਦੀਆਂ ਚੋਟੀਆਂ ’ਤੇ ਬਰਫਬਾਰੀ, ਬਰਾਲਾਚਾ ਦੱਰਾ, ਸ਼੍ਰੀਨਗਰ-ਸੋਨਮਰਗ-ਗੁਮਰੀ ਰੋਡ ਬੰਦ
Thursday, Nov 10, 2022 - 01:35 PM (IST)
ਸ਼ਿਮਲਾ/ਸ੍ਰੀਨਗਰ (ਰਾਜੇਸ਼/ਯੂ.ਐੱਨ.ਆਈ.)– ਹਿਮਾਚਲ ਅਤੇ ਕਸ਼ਮੀਰ ਦੀਆਂ ਚੋਟੀਆਂ ’ਤੇ ਬੁੱਧਵਾਰ ਮੀਂਹ ਅਤੇ ਬਰਫ਼ਬਾਰੀ ਸ਼ੁਰੂ ਹੋ ਗਈ। ਕਿਨੌਰ, ਲਾਹੌਲ ਸਪਿਤੀ ਅਤੇ ਕੁੱਲੂ ਜ਼ਿਲ੍ਹਿਆਂ ਦੀਆਂ ਉੱਚੀਆਂ ਚੋਟੀਆਂ ’ਤੇ ਬੁੱਧਵਾਰ ਰਾਤ ਤੱਕ ਬਰਫ਼ਬਾਰੀ ਜਾਰੀ ਸੀ। ਲਾਹੌਲ ਸਪਿਤੀ ਵਿਧਾਨ ਸਭਾ ਦੀ 12 ਨਵੰਬਰ ਨੂੰ ਹੋਣ ਵਾਲੀ ਚੋਣ ਨੂੰ ਮੌਸਮ ਖਰਾਬ ਕਰ ਸਕਦਾ ਹੈ ਪਰ ਮੌਸਮ ਵਿਭਾਗ ਨੇ ਉਸ ਦਿਨ ਸੂਬੇ ਵਿੱਚ ਮੌਸਮ ਦੇ ਸਾਫ਼ ਰਹਿਣ ਦੀ ਭਵਿੱਖਬਾਣੀ ਕੀਤੀ ਹੈ।
ਬਰਫਬਾਰੀ ਕਾਰਨ ਬਾਰਾਲਾਚਾ ਦੱਰੇ ਨੂੰ ਪ੍ਰਸ਼ਾਸਨ ਨੇ ਸੈਲਾਨੀਆਂ ਲਈ ਪਹਿਲਾਂ ਹੀ ਬੰਦ ਕਰ ਦਿੱਤਾ ਹੈ। ਰੋਹਤਾਂਗ ਦੱਰੇ ਤੋਂ ਵੀ ਸੈਲਾਨੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਰਾਜਧਾਨੀ ਸ਼ਿਮਲਾ ਸਮੇਤ ਸੂਬੇ ਦੇ ਕਈ ਹੋਰ ਜ਼ਿਲ੍ਹਿਆਂ ਵਿੱਚ ਮੌਸਮ ਖੁਸ਼ਕ ਹੈ। ਜ਼ਿਲ੍ਹਾ ਕਾਂਗੜਾ ਦੇ ਕਈ ਹਿੱਸਿਆਂ ਵਿੱਚ ਬੁੱਧਵਾਰ ਸ਼ਾਮ ਨੂੰ ਹੋਈ ਬਾਰਿਸ਼ ਕਾਰਨ ਮੌਸਮ ਠੰਡਾ ਹੋ ਗਿਆ। ਧੌਲਾਧਾਰ ਦੀਆਂ ਚੋਟੀਆਂ ’ਤੇ ਵੀ ਬਰਫਬਾਰੀ ਜਾਰੀ ਹੈ।