ਹੋ ਗਈ ਬਰਫ਼ਬਾਰੀ, ਠੰਢ ਤੋੜੇਗੀ ਰਿਕਾਰਡ, ਪਹਾੜੀ ਇਲਾਕਿਆਂ 'ਚ ਪਾਰਾ ਪਹੁੰਚਿਆਂ -17 ਡਿਗਰੀ

Tuesday, Dec 09, 2025 - 02:15 PM (IST)

ਹੋ ਗਈ ਬਰਫ਼ਬਾਰੀ, ਠੰਢ ਤੋੜੇਗੀ ਰਿਕਾਰਡ, ਪਹਾੜੀ ਇਲਾਕਿਆਂ 'ਚ ਪਾਰਾ ਪਹੁੰਚਿਆਂ -17 ਡਿਗਰੀ

ਦੇਹਰਾਦੂਨ : ਉੱਤਰਾਖੰਡ ਦੇ ਉੱਚਾਈ ਵਾਲੇ ਇਲਾਕਿਆਂ ਵਿੱਚ ਜ਼ਬਰਦਸਤ ਬਰਫ਼ਬਾਰੀ ਹੋਣ ਕਾਰਨ ਪੂਰੇ ਸੂਬੇ ਵਿੱਚ ਸਵੇਰ-ਸ਼ਾਮ ਦੀ ਠੰਢ ਵਿੱਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਚਮੋਲੀ ਅਤੇ ਪਿਥੌਰਾਗੜ੍ਹ ਦੀਆਂ ਪਹਾੜੀਆਂ ਪੂਰੀ ਤਰ੍ਹਾਂ ਬਰਫ਼ ਨਾਲ ਢੱਕੀਆਂ ਹੋਈਆਂ ਹਨ, ਜਿਸ ਕਾਰਨ ਇੱਥੇ ਨਦੀਆਂ, ਨਾਲੇ ਅਤੇ ਝਰਨੇ ਇੱਕ ਵਾਰ ਫਿਰ ਤੋਂ ਜੰਮ ਗਏ ਹਨ।

ਤਾਪਮਾਨ -17 ਡਿਗਰੀ

ਬਰਫ਼ਬਾਰੀ ਦਾ ਸਭ ਤੋਂ ਵੱਧ ਅਸਰ ਚਮੋਲੀ ਦੇ ਨੀਤੀ ਘਾਟੀ ਅਤੇ ਪਿਥੌਰਾਗੜ੍ਹ ਦੇ ਆਦਿ ਕੈਲਾਸ਼ ਖੇਤਰਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਕੇਦਾਰਨਾਥ ਅਤੇ ਬਦਰੀਨਾਥ ਵਿੱਚ ਅੱਜ ਵੀ ਪਾਲਾ (ਕੋਰਾ) ਪੈਣ ਦੀ ਸੰਭਾਵਨਾ ਹੈ। ਅੱਜ ਕੇਦਾਰਨਾਥ ਵਿੱਚ ਤਾਪਮਾਨ ਮਾਈਨਸ 17°C ਤੱਕ ਚਲਾ ਗਿਆ ਹੈ। ਉਥੇ ਹੀ ਬਦਰੀਨਾਥ ਵਿੱਚ ਤਾਪਮਾਨ ਮਾਈਨਸ 14°C ਦਰਜ ਕੀਤਾ ਗਿਆ।ਪਹਾੜੀ ਇਲਾਕਿਆਂ ਵਿੱਚ ਭਾਰੀ ਠੰਢ ਪੈ ਰਹੀ ਹੈ। ਇਸ ਤੋਂ ਪਹਿਲਾਂ, ਸੋਮਵਾਰ ਦੁਪਹਿਰ ਨੂੰ ਚਮੋਲੀ, ਉੱਤਰਕਾਸ਼ੀ ਅਤੇ ਪਿਥੌਰਾਗੜ੍ਹ ਸਮੇਤ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ ਸੀ। ਸੋਮਵਾਰ ਨੂੰ ਚਮੋਲੀ ਅਤੇ ਪਿਥੌਰਾਗੜ੍ਹ ਦੇ ਉੱਚਾਈ ਵਾਲੇ ਖੇਤਰਾਂ ਵਿੱਚ ਹਲਕੀ ਤੋਂ ਦਰਮਿਆਨੀ ਬਰਫ਼ਬਾਰੀ ਦਰਜ ਕੀਤੀ ਗਈ ਸੀ, ਜਿਸ ਨਾਲ ਠੰਢ ਅਚਾਨਕ ਵੱਧ ਗਈ। ਘਾਟੀਆਂ ਵਾਲੇ ਇਲਾਕਿਆਂ ਵਿੱਚ ਸਵੇਰ-ਸ਼ਾਮ ਦਾ ਤਾਪਮਾਨ ਤੇਜ਼ੀ ਨਾਲ ਹੇਠਾਂ ਆਇਆ ਹੈ। ਸਥਾਨਕ ਲੋਕਾਂ ਅਨੁਸਾਰ ਬਦਰੀਨਾਥ, ਹੇਮਕੁੰਡ, ਮੁਨਸਿਆਰੀ ਅਤੇ ਧਾਰਚੂਲਾ ਖੇਤਰਾਂ ਵਿੱਚ ਬਰਫ਼ ਦੀ ਹਲਕੀ ਪਰਤ ਦੇਖਣ ਨੂੰ ਮਿਲੀ ਹੈ।

ਜਿੱਥੇ ਉੱਚਾਈ ਵਾਲੇ ਇਲਾਕਿਆਂ ਵਿੱਚ ਕੜਾਕੇ ਦੀ ਠੰਢ ਹੈ, ਉੱਥੇ ਮੈਦਾਨੀ ਖੇਤਰਾਂ ਵਿੱਚ ਆਸਮਾਨ ਸਾਫ਼ ਹੈ। ਹਾਲਾਂਕਿ, ਊਧਮ ਸਿੰਘ ਨਗਰ ਅਤੇ ਹਰਿਦੁਆਰ ਵਿੱਚ ਹਲਕੀ ਧੁੰਦ ਦੇਖਣ ਨੂੰ ਮਿਲੀ ਹੈ। ਇਸ ਤੋਂ ਇਲਾਵਾ, ਹਲਦਵਾਨੀ ਵਿੱਚ ਅੱਜ ਸਵੇਰੇ ਸੰਘਣਾ ਕੋਹਰਾ ਦੇਖਣ ਨੂੰ ਮਿਲਿਆ। ਮੌਸਮ ਵਿਗਿਆਨ ਕੇਂਦਰ ਦੇਹਰਾਦੂਨ ਅਨੁਸਾਰ, 9 ਦਸੰਬਰ ਲਈ ਪੂਰੇ ਉੱਤਰਾਖੰਡ ਵਿੱਚ ਮੌਸਮ ਸੁੱਕਾ ਰਹਿਣ ਦਾ ਅਨੁਮਾਨ ਹੈ। ਸੂਬੇ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਮੌਸਮ ਵਿਭਾਗ ਨੇ ਕੋਈ ਖਾਸ ਚਿਤਾਵਨੀ ਜਾਰੀ ਨਹੀਂ ਕੀਤੀ ਹੈ। ਅਗਲੇ 24 ਘੰਟਿਆਂ ਤੱਕ ਸੂਬੇ ਵਿੱਚ ਮੌਸਮ ਸਥਿਰ ਰਹਿਣ ਦੀ ਉਮੀਦ ਹੈ। ਗੱਲ਼ ਪੰਜਾਬ ਦੀ ਕਰੀਏ ਤਾਂ ਪੰਜਾਬ ਦੇ ਗੁਰਦਾਸਪੁਰ ਦੇ ਕੁਝ ਇਲਾਕਿਆਂ ਵਿੱਚ ਧੁੰਦ ਵੇਖਣ ਨੂੰ ਮਿਲੀ ਜਦਕਿ ਬਾਕੀ ਪੰਜਾਬ ਵਿੱਚ ਮੌਸਮ ਸੁੱਕਾ ਰਿਹਾ। ਆਉਣ ਵਾਲੇ ਦਿਨਾਂ ਵਿੱਚ ਪੂਰੇ ਪੰਜਾਬ ਅੰਦਰ ਸੰਘਣੀ ਧੁੰਦ ਦੀ ਚਾਦਰ ਵੇਖਣ ਨੂੰ ਮਿਲ ਸਕਦੀ ਹੈ। ਮੌਸਮ ਅਨੁਮਾਨ ਮੁਤਾਬਕ ਪੰਜਾਬ ਵਿੱਚ ਇਸ ਵਾਰ ਠੰਢ ਰਿਕਾਰਡ ਤੋੜ ਸਕਦੀ ਹੈ।


author

DILSHER

Content Editor

Related News