ਕਸ਼ਮੀਰ ਦੇ ਕਈ ਹਿੱਸਿਆਂ ''ਚ ਬਰਫ਼ਬਾਰੀ, ਸ਼੍ਰੀਨਗਰ-ਜੰਮੂ ਹਾਈਵੇਅ ਬੰਦ
01/21/2023 5:23:18 PM

ਸ਼੍ਰੀਨਗਰ- ਕਸ਼ਮੀਰ ਘਾਟੀ ਦੇ ਜ਼ਿਆਦਾਤਰ ਹਿੱਸਿਆਂ ਵਿਚ ਘੱਟ ਤੋਂ ਘੱਟ ਤਾਪਮਾਨ ਵਿਚ ਕਮੀ ਦਰਮਿਆਨ ਸ਼ਨੀਵਾਰ ਤੜਕੇ ਕੁਝ ਇਲਾਕਿਆਂ ਵਿਚ ਰੁੱਕ-ਰੁੱਕ ਕੇ ਬਰਫ਼ਬਾਰੀ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਖਰਾਬ ਮੌਸਮ ਦੇ ਚੱਲਦੇ ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਕਸ਼ਮੀਰ ਘਾਟੀ ਦੇ ਕੁਝ ਇਲਾਕਿਆਂ ਖ਼ਾਸ ਕਰ ਕੇ ਉੱਪਰੀ ਇਲਾਕਿਆਂ 'ਚ ਸ਼ਨੀਵਾਰ ਤੜਕੇ ਬਰਫ਼ਬਾਰੀ ਹੋਈ।
ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਵਿਚ ਪਿਛਲੇ 24 ਘੰਟਿਆਂ ਵਿਚ 13 ਇੰਚ, ਕੋਕੇਰਨਾਗ ਵਿਚ 8 ਇੰਚ, ਕਾਜੀਗੁੰਡ 'ਚ 6 ਇੰਚ ਅਤੇ ਸ਼ੋਪੀਆਂ 'ਚ 4 ਇੰਚ ਬਰਫਬਾਰੀ ਦਰਜ ਕੀਤੀ ਗਈ। ਅਧਿਕਾਰੀਆਂ ਮੁਤਾਬਕ ਸ਼੍ਰੀਨਗਰ, ਗਾਂਦੇਰਬਲ ਅਤੇ ਕੁਝ ਹੋਰ ਮੈਦਾਨੀ ਇਲਾਕਿਆਂ ਵਿਚ ਹਲਕੀ ਬਰਫ਼ਬਾਰੀ ਹੋਈ। ਖਰਾਬ ਮੌਸਮ ਕਾਰਨ ਘਾਟੀ ਤੋਂ ਆਉਣ-ਜਾਣ ਵਾਲੀਆਂ ਉਡਾਣਾਂ 'ਤੇ ਵੀ ਅਸਰ ਪਿਆ ਹੈ ਅਤੇ ਕਈ ਉਡਾਣਾਂ 'ਚ ਦੇਰੀ ਹੋਈ।
ਅਧਿਕਾਰੀਆਂ ਨੇ ਕਿਹਾ ਕਿ ਘਾਟੀ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੀ ਇਕਮਾਤਰ ਸੜਕ ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇਅ ਨੂੰ ਪੱਥਰ ਡਿੱਗਣ ਕਾਰਨ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੜਕ ਸਾਫ਼ ਕੀਤੇ ਜਾਣ ਮਗਰੋਂ ਇਸ 'ਤੇ ਆਵਾਜਾਈ ਨੂੰ ਬਹਾਲ ਕੀਤਾ ਜਾਵੇਗਾ। ਮੌਸਮ ਵਿਭਾਗ ਨੇ ਜੰਮੂ-ਕਸ਼ਮੀਰ ਵਿਚ ਸ਼ਨੀਵਾਰ ਨੂੰ ਮੀਂਹ ਪੈਣ ਦਾ ਅਨੁਮਾਨ ਜਤਾਇਆ ਹੈ।