ਹਿਮਾਚਲ ’ਚ ਸੀਤ ਲਹਿਰ : ਕੇਲਾਂਗ ’ਚ ਮਨਫੀ 12.2 ਡਿਗਰੀ ਤੱਕ ਡਿਗਿਆ ਤਾਪਮਾਨ
Friday, Feb 07, 2025 - 12:02 AM (IST)
ਸ਼ਿਮਲਾ- ਪਹਾੜੀ ਸੂਬੇ ਹਿਮਾਚਲ ਪ੍ਰਦੇਸ਼ ’ਚ ਸੀਤ ਲਹਿਰ ਜਾਰੀ ਹੈ। ਹਾਲਾਤ ਅਜਿਹੇ ਸਨ ਕਿ ਕੇਲਾਂਗ ’ਚ ਰਾਤ ਨੂੰ ਘੱਟੋ-ਘੱਟ ਤਾਪਮਾਨ ਮਨਫੀ 12.2 ਡਿਗਰੀ ਤੱਕ ਡਿੱਗ ਗਿਆ।
ਤਾਜ਼ਾ ਬਰਫ਼ਬਾਰੀ ਅਤੇ ਮੀਂਹ ਤੋਂ ਬਾਅਦ ਬੇਸ਼ਕ ਵੀਰਵਾਰ ਨੂੰ ਰਾਜਧਾਨੀ ਸ਼ਿਮਲਾ ਸਮੇਤ ਸੂਬੇ ਦੇ ਵਧੇਰੇ ਥਾਵਾਂ ’ਤੇ ਧੁੱਪ ਖਿੜੀ ਪਰ ਰਾਤ ਨੂੰ ਚੰਬਾ, ਊਨਾ ਅਤੇ ਬਰਠੀਂ ਵਿਚ ਸੀਤ ਲਹਿਰ ਜਾਰੀ ਰਹੀ। ਰਾਜਧਾਨੀ ਸ਼ਿਮਲਾ ਅਤੇ ਪਾਲਮਪੁਰ ਵਿਚ ਵੀ ਰਾਤਾਂ ਠੰਢੀਆਂ ਰਹੀਆਂ। ਇੱਥੇ ਘੱਟੋ-ਘੱਟ ਤਾਪਮਾਨ 1 ਡਿਗਰੀ ਰਿਹਾ ਹੈ। ਹਾਲਾਂਕਿ ਸੂਬੇ ਵਿਚ ਪਿਛਲੇ 24 ਘੰਟਿਆਂ ਵਿਚ ਸੂਬੇ ਦੇ ਉੱਚੇ ਪਹਾੜੀ ਇਲਾਕਿਆਂ ਵਿਚ ਤਾਜ਼ਾ ਬਰਫ਼ਬਾਰੀ ਹੋਈ ਹੈ, ਜਦਕਿ ਹੋਰ ਥਾਵਾਂ ’ਤੇ ਮੀਂਹ ਦਰਜ ਕੀਤਾ ਗਿਆ ਹੈ।
ਮੌਸਮ ਵਿਭਾਗ ਦੀ ਮੰਨੀਏ ਤਾਂ ਸ਼ੁੱਕਰਵਾਰ ਨੂੰ ਸੂਬੇ ਵਿਚ ਮੌਸਮ ਪੂਰੀ ਤਰ੍ਹਾਂ ਸਾਫ਼ ਅਤੇ ਖੁਸ਼ਕ ਰਹੇਗਾ ਪਰ ਕੁਝ ਥਾਵਾਂ ’ਤੇ ਸੀਤ ਦਿਨ ਰਹਿਣ ਦੀਆਂ ਸੰਭਾਵਨਾਵਾਂ ਹਨ। ਓਧਰ ਵੱਖ-ਵੱਖ ਥਾਵਾਂ ’ਤੇ ਸੰਘਣੀ ਧੁੰਦ ਛਾਈ ਰਹੇਗੀ। 8 ਫਰਵਰੀ ਤੋਂ ਇਕ ਤਾਜ਼ਾ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ, ਜੋ ਪੱਛਮੀ ਹਿਮਾਲੀਅਨ ਇਲਾਕੇ ਨੂੰ ਪ੍ਰਭਾਵਿਤ ਕਰੇਗੀ ਅਤੇ ਇਸ ਦਾ ਅਸਰ ਸੂਬੇ ਦੇ ਉੱਚੇ ਪਹਾੜੀ ਇਲਾਕਿਆਂ ਉਤੇ ਵੀ ਪਵੇਗਾ।