ਗੁੜੀਆ ਰੇਪ-ਮਰਡਰ ਕੇਸ : ਹਿਮਾਚਲ ਦੇ IG ਦੀ ਉਮਰ ਕੈਦ ਦੀ ਸਜ਼ਾ ਸਸਪੈਂਡ

Tuesday, Dec 23, 2025 - 04:58 PM (IST)

ਗੁੜੀਆ ਰੇਪ-ਮਰਡਰ ਕੇਸ : ਹਿਮਾਚਲ ਦੇ IG ਦੀ ਉਮਰ ਕੈਦ ਦੀ ਸਜ਼ਾ ਸਸਪੈਂਡ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਬਹੁ-ਚਰਚਿਤ ਗੁੜੀਆ ਰੇਪ-ਮਰਡਰ ਮਾਮਲੇ ਦੇ ਮੁਲਜ਼ਮ ਦੀ ਪੁਲਸ ਹਿਰਾਸਤ 'ਚ ਹੋਈ ਮੌਤ ਦੇ ਮਾਮਲੇ 'ਚ ਫਸੇ ਆਈ.ਜੀ. ਸਈਅਦ ਜ਼ਹੂਰ ਹੈਦਰ ਜ਼ੈਦੀ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਜ਼ੈਦੀ ਦੀ ਉਮਰ ਕੈਦ ਦੀ ਸਜ਼ਾ ਨੂੰ ਸਸਪੈਂਡ (ਮੁਅੱਤਲ) ਕਰਦਿਆਂ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਹੈ।

ਸੀ.ਬੀ.ਆਈ. ਕੋਰਟ ਨੇ ਸੁਣਾਈ ਸੀ ਸਜ਼ਾ 

ਦੱਸਣਯੋਗ ਹੈ ਕਿ ਇਸੇ ਸਾਲ 18 ਜਨਵਰੀ ਨੂੰ ਚੰਡੀਗੜ੍ਹ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਆਈ.ਜੀ. ਜ਼ੈਦੀ ਸਮੇਤ 8 ਪੁਲਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ ਅਤੇ 21 ਜਨਵਰੀ ਨੂੰ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਨ੍ਹਾਂ 'ਚ ਸਾਬਕਾ ਡੀ.ਐੱਸ.ਪੀ. ਮਨੋਜ ਜੋਸ਼ੀ, ਐੱਸ.ਆਈ. ਰਾਜਿੰਦਰ ਸਿੰਘ ਅਤੇ ਹੋਰ ਮੁਲਾਜ਼ਮ ਸ਼ਾਮਲ ਸਨ। ਆਈ.ਜੀ. ਜ਼ੈਦੀ ਨੇ ਇਸ ਫੈਸਲੇ ਨੂੰ ਹਾਈਕੋਰਟ 'ਚ ਚੁਣੌਤੀ ਦਿੱਤੀ ਸੀ।

ਕੀ ਸੀ ਪੂਰਾ ਮਾਮਲਾ?

1. ਗੁੜੀਆ ਕਾਂਡ: ਜੁਲਾਈ 2017 'ਚ ਸ਼ਿਮਲਾ ਦੇ ਕੋਟਖਾਈ 'ਚ ਇਕ 16 ਸਾਲਾ ਵਿਦਿਆਰਥਣ (ਕਾਲਪਨਿਕ ਨਾਂ ਗੁੜੀਆ) ਦੀ ਜਬਰ-ਜ਼ਿਨਾਹ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ ਸੀ।
2. ਹਿਰਾਸਤੀ ਮੌਤ: ਇਸ ਮਾਮਲੇ ਦੀ ਜਾਂਚ ਲਈ ਆਈ.ਜੀ. ਜ਼ੈਦੀ ਦੀ ਅਗਵਾਈ 'ਚ SIT ਬਣਾਈ ਗਈ ਸੀ, ਜਿਸ ਨੇ ਸੂਰਜ ਅਤੇ ਰਾਜੂ ਨਾਮੀ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਜਾਂਚ ਦੌਰਾਨ ਮੁਲਜ਼ਮ ਸੂਰਜ ਦੀ ਪੁਲਸ ਹਿਰਾਸਤ 'ਚ ਮੌਤ ਹੋ ਗਈ ਸੀ।
3. ਸੀ.ਬੀ.ਆਈ. ਜਾਂਚ: ਲੋਕਾਂ ਦੇ ਭਾਰੀ ਵਿਰੋਧ ਤੋਂ ਬਾਅਦ ਜਾਂਚ ਸੀ.ਬੀ.ਆਈ. ਨੂੰ ਸੌਂਪੀ ਗਈ। ਸੀ.ਬੀ.ਆਈ. ਦੀ ਜਾਂਚ 'ਚ ਖੁਲਾਸਾ ਹੋਇਆ ਕਿ ਸੂਰਜ ਦੀ ਮੌਤ ਪੁਲਸ ਤਸ਼ੱਦਦ ਕਾਰਨ ਹੋਈ ਸੀ ਅਤੇ ਉਸ ਦੇ ਸਰੀਰ 'ਤੇ 20 ਤੋਂ ਵੱਧ ਸੱਟਾਂ ਦੇ ਨਿਸ਼ਾਨ ਮਿਲੇ ਸਨ।

ਲੰਬੇ ਸਮੇਂ ਤੋਂ ਚੱਲ ਰਹੀ ਸੀ ਕਾਨੂੰਨੀ ਲੜਾਈ 

1994 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਜ਼ੈਦੀ ਇਸ ਮਾਮਲੇ 'ਚ 582 ਦਿਨ ਜੇਲ੍ਹ 'ਚ ਰਹਿ ਚੁੱਕੇ ਹਨ। ਉਨ੍ਹਾਂ ਨੂੰ ਪਹਿਲਾਂ ਸੁਪਰੀਮ ਕੋਰਟ ਤੋਂ ਵੀ ਜ਼ਮਾਨਤ ਮਿਲੀ ਸੀ, ਪਰ ਬਾਅਦ 'ਚ ਗਵਾਹਾਂ ਨੂੰ ਪ੍ਰਭਾਵਿਤ ਕਰਨ ਦੇ ਦੋਸ਼ਾਂ ਕਾਰਨ ਉਨ੍ਹਾਂ ਨੂੰ ਮੁੜ ਮੁਅੱਤਲ ਕਰ ਦਿੱਤਾ ਗਿਆ ਸੀ। ਹਾਲਾਂਕਿ ਜਨਵਰੀ 2023 'ਚ ਮੌਜੂਦਾ ਸਰਕਾਰ ਨੇ ਉਨ੍ਹਾਂ ਦੀਆਂ ਸੇਵਾਵਾਂ ਬਹਾਲ ਕਰ ਦਿੱਤੀਆਂ ਸਨ। ਹੁਣ ਹਾਈਕੋਰਟ ਵੱਲੋਂ ਸਜ਼ਾ ਸਸਪੈਂਡ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਇਕ ਵਾਰ ਫਿਰ ਵੱਡੀ ਕਾਨੂੰਨੀ ਰਾਹਤ ਮਿਲੀ ਹੈ।


author

DIsha

Content Editor

Related News