ਹਿਮਾਚਲ ਦੇ ਉੱਚੇ ਪਹਾੜਾਂ ’ਤੇ ਫਿਰ ਬਰਫਬਾਰੀ
Sunday, Jul 13, 2025 - 12:35 AM (IST)

ਮਨਾਲੀ, (ਸੋਨੂੰ)- ਲਾਹੌਲ-ਸਪਿਤੀ ਦੇ ਉੱਚੇ ਪਹਾੜ ਹਲਕੀ ਬਰਫਬਾਰੀ ਨਾਲ ਸੱਜ ਗਏ ਹਨ। ਬਾਰਾਲਾਚਾ ਅਤੇ ਸ਼ਿੰਕੁਲਾ ਦੱਰੇ ’ਚ ਵੀ ਬਰਫਬਾਰੀ ਹੋਈ ਹੈ। ਸਾਰੇ ਦੱਰਿਆਂ ’ਚ ਵਾਹਨਾਂ ਦੀ ਆਵਾਜਾਈ ਆਮ ਵਾਂਗ ਹੈ। ਹਾਲਾਂਕਿ, ਜੁਲਾਈ ਮਹੀਨੇ ’ਚ ਆਮ ਤੌਰ ’ਤੇ ਬਰਫਬਾਰੀ ਨਹੀਂ ਹੁੰਦੀ ਹੈ ਪਰ ਸ਼ਿੰਕੁਲਾ ਅਤੇ ਬਾਰਾਲਾਚਾ ਦੱਰਿਆਂ ਦੇ ਉਚਾਈ ਵਾਲੇ ਥਾਵਾਂ ’ਚ ਪੂਰਾ ਸਾਲ ਬਰਫਬਾਰੀ ਹੁੰਦੀ ਹੈ।
ਸ਼ਨੀਵਾਰ ਸਵੇਰੇ ਰੋਹਤਾਂਗ ਸਮੇਤ ਧੁੰਧੀ ਜੋਤ, ਮਨਾਲਸੁ, ਹਨੂਮਾਨ ਟਿੱਬਾ, ਇੰਦਰ ਕਿਲਾ, ਮਕਰਵੇਦ ਸ਼ਿਕਰਵੇਦ ਅਤੇ ਹਾਮਟਾ ਦੇ ਉੱਚੇ ਪਹਾੜਾਂ ਸਮੇਤ ਲਾਹੌਲ ਵੱਲ ਲੇਡੀ ਆਫ ਕੇਲਾਂਗ, ਛੋਟਾ ਅਤੇ ਵੱਡਾ ਸ਼ੀਘਰੀ ਗਲੇਸ਼ੀਅਰ, ਚੰਦਰਭਾਗਾ ਰੇਂਜ, ਬਾਰਾਲਾਚਾ ਅਤੇ ਸ਼ਿੰਕੁਲਾ ਸਮੇਤ ਦੱਰਿਆਂ ’ਚ ਬਰਫ ਦੀ ਚਿੱਟੀ ਚਾਦਰ ਵਿਛ ਗਈ ਹੈ।
ਹੋਟਲ ਐਸੋਸੀਏਸ਼ਨ ਦੇ ਅਹੁਦਾ ਛੱਡ ਰਹੇ ਉਪ-ਪ੍ਰਧਾਨ ਰੌਸ਼ਨ ਠਾਕੁਰ ਨੇ ਕਿਹਾ ਕਿ ਹਾਲਾਂਕਿ ਮੌਸਮ ਦਾ ਆਨੰਦ ਲੈਣ ਲਈ ਸੈਲਾਨੀ ਮਨਾਲੀ ਤਾਂ ਆਉਣਾ ਚਾਹੁੰਦੇ ਹਨ ਪਰ ਮੀਂਹ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਉਨ੍ਹਾਂ ਦਾ ਰਸਤਾ ਰੋਕ ਰਹੀਆਂ ਹਨ। ਹਫਤੇ ਦੇ ਅੰਤ ’ਚ ਉਮੀਦ ਨਾਲੋਂ ਘੱਟ ਸੈਲਾਨੀ ਮਨਾਲੀ ਪੁੱਜੇ ਹਨ।