ਹਿਮਾਚਲ ਦੇ ਰੋਹਤਾਂਗ ਦੱਰੇ ’ਚ ਵਿਛੀ ਢਾਈ ਫੁੱਟ ਮੋਟੀ ਬਰਫ ਦੀ ਚਿੱਟੀ ਚਾਦਰ
Sunday, Oct 12, 2025 - 11:38 PM (IST)

ਮਨਾਲੀ (ਸੋਨੂੰ)-ਰੋਹਤਾਂਗ ਦੱਰੇ ’ਤੇ ਚਾਰੇ ਪਾਸੇ ਵਿਛੀ ਬਰਫ ਦੀ ਚਿੱਟੀ ਚਾਦਰ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਕੁੱਲੂ-ਮਨਾਲੀ ਦੀ ਮਸ਼ਹੂਰ ਸੈਰ-ਸਪਾਟੇ ਵਾਲੀ ਥਾਂ 13,050 ਫੁੱਟ ਉੱਚੇ ਰੋਹਤਾਂਗ ਦੱਰੇ ’ਚ ਢਾਈ ਫੁੱਟ ਤੱਕ ਮੋਟੀ ਬਰਫ ਦੀ ਚਿੱਟੀ ਚਾਦਰ ਵਿਛੀ ਹੋਈ ਹੈ। ਬੀ. ਆਰ. ਓ. ਦੇ ਜਵਾਨ ਬਰਫ ਹਟਾਉਂਦੇ ਹੋਏ ਰੋਹਤਾਂਗ ਦੱਰੇ ’ਤੇ ਪਹੁੰਚ ਗਏ ਹਨ। ਇਹ ਦੱਰਾ ਸੈਲਾਨੀਆਂ ਲਈ ਛੇਤੀ ਹੀ ਬਹਾਲ ਹੋ ਜਾਵੇਗਾ।
ਹਾਲਾਂਕਿ, ਇਸ ਦੱਰੇ ਤੋਂ ਛੇਤੀ ਹੀ ਬਰਫ ਹਟਾਉਣ ਦਾ ਮੁੱਖ ਕਾਰਨ ਲੇਹ ਜਾਣ ਵਾਲੇ ਡੀਜ਼ਲ ਅਤੇ ਪੈਟਰੋਲ ਦੇ ਟੈਂਕਰ ਹਨ ਪਰ ਦੱਰੇ ਦੇ ਬਹਾਲ ਹੋਣ ਨਾਲ ਕੁੱਲੂ-ਮਨਾਲੀ ਆਉਣ ਵਾਲੇ ਸੈਲਾਨੀਆਂ ਨੂੰ ਵੀ ਆਸਾਨੀ ਨਾਲ ਰੋਹਤਾਂਗ ਦੱਰੇ ਦੇ ਦੀਦਾਰ ਹੋ ਸਕਣਗੇ। ਦੇਸ਼ ਅਤੇ ਦੁਨੀਆ ਦੇ ਸੈਲਾਨੀਆਂ ਦੀ ਪਹਿਲੀ ਪਸੰਦ ਰਹਿਣ ਵਾਲੇ ਰੋਹਤਾਂਗ ਦੱਰੇ ’ਚ ਢਾਈ ਫੁੱਟ ਤੱਕ ਬਰਫ ਦੀ ਮੋਟੀ ਤਹਿ ਵਿਛੀ ਹੈ। ਐੱਨ. ਜੀ. ਟੀ. ਦੇ ਹੁਕਮਾਂ ਅਨੁਸਾਰ ਹਰ ਰੋਜ਼ ਪਰਮਿਟ ਲੈ ਕੇ 1200 ਸੈਲਾਨੀ ਵਾਹਨ ਰੋਹਤਾਂਗ ਜਾ ਸਕਣਗੇ। ਪ੍ਰਸ਼ਾਸਨ ਨੇ ਸੈਲਾਨੀਆਂ ਨੂੰ ਆਨਲਾਈਨ ਪਰਮਿਟ ਦੀ ਸਹੂਲਤ ਦਿੱਤੀ ਹੈ। ਰੋਹਤਾਂਗ ਪਰਮਿਟ ਨਾਮੀ ਵੈੱਬਸਾਈਟ ’ਤੇ ਸੈਲਾਨੀ ਰੋਹਤਾਂਗ ਲਈ ਪਰਮਿਟ ਬੁੱਕ ਕਰ ਸਕਦੇ ਹਨ।