ਹਿਮਾਚਲ ’ਚ ਫਿਰ ਬਰਫਬਾਰੀ, ਜੰਮੂ ’ਚ ਮੀਂਹ-ਗੜੇਮਾਰੀ

05/25/2023 1:00:29 PM

ਕੇਲਾਂਗ/ਜੰਮੂ, (ਬਿਊਰੋ, ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ, ਸ਼ਿੰਕੁਲਾ ਅਤੇ ਬਾਰਾਲਾਚਾ ’ਚ ਬਰਫ ਦੇ ਤੋਦੇ ਡਿੱਗੇ, ਜਦੋਂਕਿ ਮਨਾਲੀ ਘਾਟੀ ’ਚ ਦੁਪਹਿਰ ਤੱਕ ਮੀਂਹ ਦਾ ਦੌਰ ਜਾਰੀ ਰਿਹਾ। ਜੰਮੂ ਦੇ ਵੱਖ-ਵੱਖ ਇਲਾਕਿਆਂ ’ਚ ਭਾਰੀ ਮੀਂਹ ਹੋਇਆ, ਜਿਸ ਨਾਲ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ। ਬਾਰਾਲਾਚਾ ਦੱਰੇ ’ਚ ਬਰਫਬਾਰੀ ਕਾਰਨ ਸਵੇਰੇ 10 ਵਜੇ ਤੱਕ ਵਾਹਨਾਂ ਦੀ ਆਵਾਜਾਈ ਬੰਦ ਰਹੀ। ਹਾਲਾਤ ਆਮ ਹੁੰਦੇ ਦੇਖ ਕੇ ਲਾਹੌਲ-ਸਪੀਤੀ ਪੁਲਸ ਨੇ ਸਵੇਰੇ 10 ਵਜੇ ਟੂਰਿਸਟ ਵਾਹਨਾਂ ਨੂੰ ਦਾਰਚਾ ਤੋਂ ਲੇਹ ਜਾਣ ਦੀ ਇਜਾਜ਼ਤ ਦਿੱਤੀ, ਜਦਕਿ ਇਕ ਘੰਟੇ ਬਾਅਦ ਟਰੱਕਾਂ ਨੂੰ ਵੀ ਲੇਹ ਭੇਜਿਆ ਗਿਆ।

ਟੂਰਿਸਟ ਵਾਹਨਾਂ ਦੀ ਇਕਪਾਸੜ ਆਵਾਜਾਈ ਹੋਣ ਕਾਰਨ ਮਨਾਲੀ ਤੋਂ ਲੇਹ ਵਾਹਨ ਭੇਜੇ ਗਏ। ਲੇਹ ਮਾਰਗ ਬਹਾਲ ਹੋਣ ਤੋਂ ਬਾਅਦ ਰਾਸ਼ਨ ਅਤੇ ਖਾਧ ਸਮੱਗਰੀ ਲੈ ਕੇ ਭਾਰੀ ਗਿਣਤੀ ’ਚ ਟਰੱਕਾਂ ਦਾ ਕਾਫਿਲਾ ਰੋਜ਼ਾਨਾ ਲੇਹ ਜਾ ਰਿਹਾ ਹੈ। ਬੁੱਧਵਾਰ ਨੂੰ 30 ਤੋਂ ਵੱਧ ਟੂਰਿਸਟ ਵਾਹਨ ਲੇਹ ਰਵਾਨਾ ਹੋਏ, ਜਦੋਂਕਿ 100 ਤੋਂ ਵੱਧ ਟਰੱਕਾਂ ਨੇ ਵੀ ਦਾਰਚਾ ਤੋਂ ਲੇਹ ਦਾ ਰੁਖ਼ ਕੀਤਾ। ਦੂਜੇ ਪਾਸੇ ਸ਼ਿੰਕੁਲਾ ਦੱਰੇ ’ਚ ਬਰਫਬਾਰੀ ਕਾਰਨ ਵਾਹਨਾਂ ਨੂੰ ਨਹੀਂ ਭੇਜਿਆ ਗਿਆ । ਰੇਵਾ ਢਾਬੇ ਦੇ ਸੰਚਾਲਕ ਰੀਤਾ ਬੋਧ ਅਤੇ ਰਾਹੁਲ ਬੋਧ ਨੇ ਦੱਸਿਆ ਕਿ ਸ਼ਿੰਕੁਲਾ ਦੱਰੇ ’ਚ ਬਰਫਬਾਰੀ ਹੋਣ ਨਾਲ ਟਰੱਕ ਅਤੇ ਛੋਟੇ ਵਾਹਨ ਦਾਰਚਾ ’ਚ ਰੁਕੇ ਹੋਏ ਹਨ।

ਓਧਰ ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲੇ ’ਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਨਾਲ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਕੁਝ ਦੇਰ ਲਈ ਬੰਦ ਹੋ ਗਿਆ। ਕਿਸ਼ਤਵਾੜ, ਡੋਡਾ, ਰਾਮਬਨ, ਊਧਮਪੁਰ, ਰਾਜੌਰੀ ਅਤੇ ਰਿਆਸੀ ਜ਼ਿਲਿਆਂ ਦੇ ਵੱਖ-ਵੱਖ ਇਲਾਕਿਆਂ ’ਚ ਭਾਰੀ ਮੀਂਹ ਹੋਇਆ ਅਤੇ ਊਧਮਪੁਰ ਦੇ ਚੇਡੀ ਇਲਾਕੇ ’ਚ ਗੜੇਮਾਰੀ ਕਾਰਨ ਫਸਲਾਂ ਨੂੰ ਨੁਕਸਾਨ ਪਹੁੰਚਿਆ। ਰਾਜੌਰੀ ਅਤੇ ਰਾਮਬਨ ਦੇ ਪਹਾੜੀ ਇਲਾਕਿਆਂ ’ਚ ਕੁਝ ਥਾਵਾਂ ’ਤੇ ਅਚਾਨਕ ਹੜ੍ਹ ਆ ਗਿਆ।


Rakesh

Content Editor

Related News