ਤਾਲਾਬੰਦੀ ਦੌਰਾਨ ਘਰੇਲੂ ਹਿੰਸਾ ਦੇ ਮਾਮਲਿਆਂ ''ਚ ਵਾਧੇ ਦੇ ਦਾਅਵੇ ਨੂੰ ਸਮਰਿਤੀ ਇਰਾਨੀ ਨੇ ਕੀਤਾ ਖਾਰਜ
Monday, Jun 08, 2020 - 02:17 PM (IST)
ਨਵੀਂ ਦਿੱਲੀ- ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਤਾਲਾਬੰਦੀ ਦੌਰਾਨ ਔਰਤਾਂ ਵਿਰੁੱਧ ਘਰੇਲੂ ਹਿੰਸਾ ਦੇ ਮਾਮਲਿਆਂ 'ਚ ਵਾਧੇ ਦੇ ਦਾਅਵੇ ਨੂੰ ਖਾਰਜ ਕੀਤਾ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਤਾਲਾਬੰਦੀ ਦੌਰਾਨ ਘਰੇਲੂ ਹਿੰਸਾ ਦੇ ਮਾਮਲਿਆਂ 'ਚ ਵਾਧਾ ਹੋਇਆ ਅਤੇ ਇਸ ਦੌਰਾਨ ਔਰਤਾਂ ਸ਼ਿਕਾਇਤ ਵੀ ਦਰਜ ਨਹੀਂ ਕਰਵਾ ਸਕੀਆਂ, ਇਰਾਨੀ ਨੇ ਐਤਵਾਰ ਨੂੰ ਜਵਾਬ ਦਿੱਤਾ,''ਇਹ ਗਲਤ ਹੈ। ਹਰੇਕ ਸੂਬੇ 'ਚ ਪੁਲਸ ਆਪਣਾ ਕੰਮ ਕਰ ਰਹੀ ਹੈ। ਹਰੇਕ ਸੂਬੇ ਦੇ ਹਰੇਕ ਜ਼ਿਲ੍ਹੇ 'ਚ ਸਮੱਸਿਆ ਦਾ ਹੱਲ ਕਰਨ ਵਾਲੇ ਕੇਂਦਰ ਹਨ। ਜਿਨ੍ਹਾਂ ਔਰਤਾਂ ਨੂੰ ਅਸੀਂ ਬਚਾਇਆ ਹੈ, ਉਨ੍ਹਾਂ ਦੇ ਨਾਂ ਅਤੇ ਪਛਾਣ ਦੱਸੇ ਬਿਨ੍ਹਾਂ ਮੈਂ ਹਰੇਕ ਪੀੜਤਾ ਦੇ ਮੁੜ ਵਸੇਬੇ ਦੀ ਸੂਬੇਵਾਰ ਅਤੇ ਜ਼ਿਲ੍ਹੇਵਾਰ ਜਾਣਕਾਰੀ ਦੇ ਸਕਦੀ ਹਾਂ।''
ਮਹਿਲਾ ਅਤੇ ਬਾਲ ਵਿਕਾਸ ਅਤੇ ਕੱਪੜਾ ਮੰਤਰੀ ਨੇ ਕਿਹਾ ਕਿ ਕੁਝ ਗੈਰ-ਸਰਕਾਰੀ ਸੰਗਠਨਾਂ ਵਲੋਂ ਡਰ ਫੈਲਾਇਆ ਜਾ ਰਿਹਾ ਹੈ ਕਿ ਘਰ 'ਚ ਰਹਿਣ ਵਾਲੀਆਂ 80 ਫੀਸਦੀ ਔਰਤਾਂ ਨੂੰ ਕੁੱਟਿਆ ਜਾ ਰਿਹਾ ਹੈ। ਇਰਾਨੀ ਨੇ ਕਿਹਾ ਕਿ ਘਰ 'ਚ ਹਰ ਪੁਰਸ਼ ਔਰਤ ਨੂੰ ਨਹੀਂ ਕੁੱਟ ਰਿਹਾ ਹੈ। ਉਨ੍ਹਾਂ ਕਿਹਾ,''ਤਾਲਾਬੰਦੀ ਦੌਰਾਨ ਸਾਡੀ ਪੁਲਸ ਕੰਮ ਕਰ ਰਹੀ ਸੀ। ਸਾਡੇ ਸਮੱਸਿਆ ਨਿਪਟਾਰਾ ਕੇਂਦਰ ਵੀ ਕੰਮ ਕਰ ਰਹੇ ਸਨ।'' ਇਰਾਨੀ ਨੇ ਕਿਹਾ ਕਿ ਬਚਾਅ ਅਤੇ ਮੁੜ ਵਸੇਬਾ ਸਹੂਲਤਾਂ ਔਰਤਾਂ ਨੂੰ ਹੀ ਨਹੀਂ ਬੱਚਿਆਂ ਨੂੰ ਵੀ ਉਪਲੱਬਧ ਕਰਵਾਈਆਂ ਗਈਆਂ ਹਨ। ਉਨ੍ਹਾਂ ਨੇ ਕਿਹਾ,''ਅਸਲ 'ਚ ਅੰਕੜੇ ਦੇਖੀਏ ਤਾਂ ਕੇਂਦਰ ਸਰਕਾਰ ਦੇ ਨੰਬਰ ਤੋਂ ਇਲਾਵਾ ਸਾਰੇ ਸੂਬਿਆਂ 'ਚ 35 ਹੈਲਪਲਾਈਨ ਨੰਬਰ ਹਨ, ਜੋ ਤਾਲਾਬੰਦੀ ਦੌਰਾਨ ਪੂਰੀ ਤਰ੍ਹਾਂ ਕੰਮ ਕਰ ਰਹੇ ਸਨ।'' ਇਰਾਨੀ ਐਤਵਾਰ ਨੂੰ ਵੀਡੀਓ ਕਾਨਫਰੈਂਸ ਰਾਹੀਂ ਇਕ ਆਯੋਜਨ ਨੂੰ ਸੰਬੋਧਨ ਕਰ ਰਹੀ ਸੀ।