ਕੋਰੋਨਾ ਵਾਇਰਸ ਤੋਂ ਬਚਣਾ ਹੈ ਤਾਂ ਛੱਡ ਦਿਓ ''ਸਿਗਰਟਨੋਸ਼ੀ''

05/20/2020 1:18:39 PM

ਨਿਊਯਾਰਕ- ਇਸ ਵੇਲੇ ਖਤਰਨਾਕ ਕੋਰੋਨਾ ਵਇਰਸ ਦੀ ਲਪੇਟ ਤਕਰੀਬਨ ਦੁਨੀਆ ਦੇ ਸਾਰੇ ਦੇਸ਼ ਆ ਚੁੱਕੇ ਹਨ। ਵੈਸੇ ਤਾਂ ਇਸ ਵਾਇਰਸ ਦੀ ਲਪੇਟ ਵਿਚ ਕੌਣ ਕਦੋਂ ਆ ਜਾਵੇ ਇਸ ਬਾਰੇ ਦੱਸਣਾ ਔਖਾ ਹੈ ਪਰ ਜੋ ਲੋਕ ਸਿਗਰਟਨੋਸ਼ੀ ਕਰਦੇ ਹਨ ਉਹਨਾਂ ਨੂੰ ਇਸ ਤੋਂ ਬਹੁਤ ਗੰਭੀਰ ਖਤਰਾ ਹੈ। ਸਿਗਰਟਨੋਸ਼ੀ ਕਰਨ ਵਾਲਿਆਂ ਨੂੰ ਇਹ ਵਾਇਰਸ ਤੇਜ਼ੀ ਨਾਲ ਤੇ ਬਹੁਤ ਬੁਰੀ ਤਰ੍ਹਾਂ ਆਪਣੀ ਲਪੇਟ ਵਿਚ ਲੈਂਦਾ ਹੈ। ਇਸ ਲਈ ਜੇਕਰ ਤੁਸੀਂ ਇਸ ਖਤਰਨਾਕ ਵਾਇਰਸ ਤੋਂ ਬਚਣਾ ਚਾਹੁੰਦੇ ਹੋ ਤਾਂ ਜਲਦੀ ਤੋਂ ਜਲਦੀ ਸਿਗਰਟਨੋਸ਼ੀ ਛੱਡ ਦਿਓ। ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਲੈ ਕੇ ਕੀਤੇ ਗਏ ਇਕ ਅਧਿਐਨ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ।

ਡਿਵਲਪਮੈਂਟ ਸੇਲ ਨਾਂ ਦੀ ਮੈਗੇਜ਼ੀਨ ਵਿਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਸਿਗਰਟਨੋਸ਼ੀ ਕਰਨ ਵਾਲਿਆਂ ਨੂੰ ਕੋਵਿਡ-19 ਕਾਰਣ ਗੰਭੀਰ ਰੂਪ ਨਾਲ ਇਨਫੈਕਸ਼ਨ ਹੋਣ ਦਾ ਖਤਰਾ ਹੋ ਸਕਦਾ ਹੈ। ਅਮਰੀਕਾ ਦੀ ਕੋਲਡ ਸਪ੍ਰਿੰਗ ਹਾਰਬਰ ਪ੍ਰਯੋਗਸ਼ਾਲਾ ਵਿਚ ਕੈਂਸਰ 'ਤੇ ਅਧਿਐਨ ਕਰਨ ਵਾਲੇ ਵਿਗਿਆਨੀ ਤੇ ਸੀਨੀਅਰ ਲੇਖਕ ਜੇਸਨ ਸ਼ੇਲਟਜ਼ਰ ਨੇ ਕਿਹਾ ਕਿ ਸਾਡੇ ਨਤੀਜਿਆਂ ਤੋਂ ਪਤਾ ਲੱਗਿਆ ਹੈ ਕਿ ਕਿਉਂ ਕੋਵਿਡ-19 ਦੀ ਲਪੇਟ ਵਿਚ ਆਉਣ ਵਾਲੇ ਮਰੀਜ਼ 'ਤੇ ਇਲਾਜ ਦਾ ਬਿਹਤਰ ਅਸਰ ਨਹੀਂ ਹੁੰਦਾ ਹੈ। ਸ਼ੇਲਟਜ਼ਰ ਨੇ ਕਿਹਾ ਕਿ ਅਧਿਐਨ ਵਿਚ ਪਤਾ ਲੱਗਿਆ ਹੈ ਕਿ ਸਿਗਰਟਨੋਸ਼ੀ ਨਾਲ ਫੇਫੜਿਆਂ ਵਿਚ ਭਾਰੀ ਮਾਤਰਾ ਵਿਚ ਪ੍ਰੋਟੀਨ ਏ.ਸੀ.ਈ.2 ਨਿਕਲਦਾ ਹੈ, ਜਿਸ ਦੇ ਰਾਹੀਂ ਕੋਰੋਨਾ ਵਾਇਰਸ ਮਨੁੱਖ ਦੇ ਸਰੀਰ ਵਿਚ ਦਾਖਲ ਹੁੰਦਾ ਹੈ। ਏ.ਸੀ.ਈ.2 ਇਕ ਤਰ੍ਹਾਂ ਦਾ ਐਨਜ਼ਾਈਮ ਹੈ ਜੋ ਸਿਗਰਟਨੋਸ਼ੀ ਕਾਰਣ ਸਾਹ ਦੀ ਨਲੀ ਵਿਚ ਭਾਰੀ ਮਾਤਰਾ ਵਿਚ ਫੈਲ ਜਾਂਦਾ ਹੈ। ਵਿਗਿਆਨੀਆਂ ਮੁਤਾਬਕ ਸਿਗਰਟਨੋਸ਼ੀ ਛੱਡਣ ਨਾਲ ਇਹ ਐਨਜ਼ਾਈਮ ਨਹੀਂ ਨਿਕਲੇਗਾ ਤੇ ਇਸ ਤਰ੍ਹਾਂ ਕੋਰੋਨਾ ਵਾਇਰਸ ਦਾ ਖਤਰਾ ਬਹੁਤ ਹੱਦ ਤੱਕ ਘੱਟ ਜਾਵੇਗਾ।

ਵਿਗਿਆਨੀਆਂ ਦਾ ਇਹ ਵੀ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਵਾਲੇ ਜ਼ਿਆਦਾਤਰ ਲੋਕਾਂ ਨੂੰ ਹਲਕਾ ਇਨਫੈਕਸ਼ਨ ਹੋਇਆ। ਇਸ ਵਾਇਰਸ ਨਾਲ ਗੰਭੀਰ ਰੂਪ ਨਾਲ ਇਨਫੈਕਟਿਡ ਹੋਣ ਵਾਲਿਆਂ ਨੂੰ ਵਿਗਿਆਨੀਆਂ ਨੇ ਤਿੰਨ ਸ਼੍ਰੇਣੀਆਂ ਵਿਚ ਰੱਖਿਆ। ਪੁਰਸ਼, ਬਜ਼ੁਰਗ ਤੇ ਸਿਗਰਟਨੋਸ਼ੀ ਕਰਨ ਵਾਲੇ। ਵਿਗਿਆਨੀਆਂ ਮੁਤਾਬਕ ਪ੍ਰਯੋਗ ਲਈ ਪ੍ਰਯੋਗਸ਼ਾਲਾ ਵਿਚ ਚੂਹਿਆਂ ਨੂੰ ਧੂੰਏ ਵਿਚ ਰੱਖਿਆ ਗਿਆ ਤੇ ਫਿਰ ਜੋ ਲੋਕ ਲਗਾਤਾਰ ਸਿਗਰਟਨੋਸ਼ੀ ਕਰਦੇ ਹਨ, ਉਹਨਾਂ ਦੀ ਜਾਂਚ ਕੀਤੀ ਗਈ ਤਾਂ ਏ.ਸੀ.ਈ.2 ਦੇ ਨਤੀਜੇ ਦੋਵਾਂ ਵਿਚ ਇਕ ਸਮਾਨ ਆਏ। ਸ਼ੇਲਟਜ਼ਰ ਕਹਿੰਦੇ ਹਨ ਕਿ ਸਿਗਰਟਨੋਸ਼ੀ ਕਰਨ ਵਾਲੇ ਸਿਗਰਟਨੋਸ਼ੀ ਨਾ ਕਰਨ ਵਾਲਿਆਂ ਦੀ ਤੁਲਨਾ ਵਿਚ 30-35 ਫੀਸਦੀ ਵਧੇਰੇ ਏ.ਸੀ.ਈ.2 ਪੈਦਾ ਕਰਦੇ ਹਨ। ਹਾਲਾਂਕਿ ਰਿਸਰਚ ਵਿਚ ਇਸ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਉਮਰ ਜਾਂ ਲਿੰਗ ਦਾ ਫੇਫੜਿਆਂ ਵਿਚ ਏ.ਸੀ.ਈ.2 ਦੇ ਪੱਧਰ 'ਤੇ ਕੋਈ ਅਸਰ ਪੈਂਦਾ ਹੈ। ਪਰੰਤੂ ਜੋ ਲੋਕ ਸਿਗਰਟ ਪੀਂਦੇ ਹਨ ਉਹਨਾਂ ਦੇ ਫੇਫੜਿਆਂ ਵਿਚ ਇਹ ਭਾਰੀ ਮਾਤਰਾ ਵਿਚ ਪੈਦਾ ਹੁੰਦਾ ਹੈ। 


Baljit Singh

Content Editor

Related News