ਮੱਧ ਪ੍ਰਦੇਸ਼ ''ਚ ਕਾਰ ਤੋਂ 15 ਕਰੋੜ ਰੁਪਏ ਮੁੱਲ ਦੀ ਸਮੈਕ ਜ਼ਬਤ, ਇਕ ਵਿਅਕਤੀ ਗ੍ਰਿਫ਼ਤਾਰ
Wednesday, Oct 19, 2022 - 01:17 PM (IST)
ਨੀਮਚ (ਭਾਸ਼ਾ)- ਮੱਧ ਪ੍ਰਦੇਸ਼ ਦੇ ਨੀਮਚ ਜ਼ਿਲ੍ਹੇ 'ਚ ਪੁਲਸ ਨੇ ਇਕ ਕਾਰ ਤੋਂ ਕਰੀਬ 15 ਕਰੋੜ ਰੁਪਏ ਮੁੱਲ ਦੀ 14.5 ਕਿਲੋਗ੍ਰਾਮ ਸਮੈਕ ਜ਼ਬਤ ਕੀਤੀ ਹੈ ਅਤੇ ਇਕ ਨਸ਼ੀਲੇ ਪਦਾਰਥ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿਲ੍ਹੇ ਦੇ ਪੁਲਸ ਸੁਪਰਡੈਂਟ ਸੂਰਜ ਕੁਮਾਰ ਵਰਮਾ ਨੇ ਦੱਸਿਆ ਕਿ ਆਸਾਮ ਤੋਂ ਲਿਆਂਦੀ ਜਾ ਰਹੀ ਪਾਬੰਦੀਸ਼ੁਦਾ ਸਮੱਗਰੀ ਨੂੰ ਰਾਜਸਥਾਨ ਲਿਜਾਇਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਗੁਪਤ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਪੁਲਸ ਦੀ ਟੀਮ ਨੇ ਮੰਗਲਵਾਰ ਨੂੰ ਇਕ ਕਾਰ ਨੂੰ ਰੋਕਿਆ ਅਤੇ ਵਾਹਨ ਤੋਂ 15 ਪੈਕਟਾਂ 'ਚ ਰੱਖੀ 14.5 ਕਿਲੋਗ੍ਰਾਮ ਸਮੈਕ ਬਰਾਮਦ ਕੀਤੀ।
ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਨਸ਼ੀਲੇ ਪਦਾਰਥ ਤਸਕਰ ਸ਼ਾਹਰੁਖ ਖਾਨ (25) ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 'ਚ 15 ਕਰੋੜ ਰੁਪਏ ਦੱਸੀ ਗਈ ਹੈ। ਅਧਿਕਾਰੀ ਨੇ ਕਿਹਾ ਕਿ ਦੋਸ਼ੀ ਤੋਂ ਸ਼ੁਰੂਆਤੀ ਪੁੱਛ-ਗਿੱਛ 'ਚ ਪਤਾ ਲੱਗਾ ਹੈ ਕਿ ਇਹ ਖੇਪ ਆਸਾਮ ਤੋਂ ਲਿਆਂਦੀ ਜਾ ਰਹੀ ਸੀ ਅਤੇ ਇਸ ਨੂੰ ਰਾਜਸਥਾਨ ਦੇ ਪ੍ਰਤਾਪਗੜ੍ਹ ਲਿਜਾਇਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਖੇਪ ਦੇ ਮੂਲ ਸਰੋਤ ਅਤੇ ਨਸ਼ੀਲੇ ਪਦਾਰਥ ਦੇ ਸਪਲਾਈ ਗਿਰੋਹ ਦਾ ਪਤਾ ਲਗਾਉਣ ਲਈ ਅੱਗੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀ 'ਤੇ ਨਸ਼ੀਲੇ ਪਦਾਰਥ ਮਨਾਹੀ ਨਾਲ ਸੰਬੰਧਤ ਐੱਨ.ਡੀ.ਪੀ.ਐੱਸ. ਐਕਟ ਦੇ ਪ੍ਰਬੰਧਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ