ਏਅਰਫੋਰਸ ਸਟੇਸ਼ਨ ਦੀ ਕੰਧ ’ਤੇ ਲਿਖੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ,ਗੁਰਪਤਵੰਤ ਪੰਨੂ ਨੇ ਲਈ ਜ਼ਿੰਮੇਵਾਰੀ

Saturday, Apr 08, 2023 - 09:44 AM (IST)

ਏਅਰਫੋਰਸ ਸਟੇਸ਼ਨ ਦੀ ਕੰਧ ’ਤੇ ਲਿਖੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ,ਗੁਰਪਤਵੰਤ ਪੰਨੂ ਨੇ ਲਈ ਜ਼ਿੰਮੇਵਾਰੀ

ਸਿਰਸਾ (ਲਲਿਤ)- ਸਿਰਸਾ ’ਚ ਡੱਬਵਾਲੀ ਰੋਡ ਸਥਿਤ ਏਅਰਫੋਰਸ ਸਟੇਸ਼ਨ ਦੀ ਕੰਧ ’ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਹੋਏ ਮਿਲੇ। ਇਸ ਗੱਲ ਦੀ ਸੂਚਨਾ ਮਿਲਣ ਤੋਂ ਬਾਅਦ ਸਿਰਸਾ ਜ਼ਿਲਾ ਪ੍ਰਸ਼ਾਸਨ ਤੇ ਏਅਰਫੋਰਸ ਪ੍ਰਸ਼ਾਸਨ ਦੇ ਅਧਿਕਾਰੀ ਹਰਕਤ ’ਚ ਆਏ ਅਤੇ ਕੰਧ ’ਤੇ ਲਿਖੇ ਹੋਏ ਇਨ੍ਹਾਂ ਨਾਅਰਿਆਂ ’ਤੇ ਰੰਗ ਕਰਵਾ ਦਿੱਤਾ ਗਿਆ। ਇਹ ਨਾਅਰੇ ਲਿਖਣ ਦੀ ਜ਼ਿੰਮੇਵਾਰੀ ‘ਸਿੱਖਸ ਫਾਰ ਜਸਟਿਸ’ ਸੰਗਠਨ (ਐੱਸ.ਐੱਫ.ਜੇ.) ਨੇ ਇਕ ਵੀਡੀਓ ਜਾਰੀ ਕਰ ਕੇ ਲਈ ਹੈ। ਮਾਮਲਾ ਪੁਲਸ ਦੇ ਨੋਟਿਸ ’ਚ ਆ ਗਿਆ ਹੈ ਤੇ ਪੁਲਸ ਨੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਸ਼ੁੱਕਰਵਾਰ ਸਵੇਰੇ ਏਅਰਫੋਰਸ ਸਟੇਸ਼ਨ ਦੀ ਕੰਧ ’ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਹੋਏ ਕਿਸੇ ਨੇ ਵੇਖੇ। ਕਾਲੇ ਰੰਗ ਨਾਲ ਕਈ ਥਾਵਾਂ ’ਤੇ ਹਿੰਦੁਸਤਾਨ ਮੁਰਦਾਬਾਦ ਲਿਖਿਆ ਹੋਇਆ ਸੀ ਤੇ ਕਈ ਥਾਂ ’ਤੇ ਜੀ-20 ਦਿੱਲੀ, ਖਾਲਿਸਤਾਨ ਫਲੈਗ, ਪ੍ਰਗਤੀ ਮੈਦਾਨ ਐੱਸ. ਐੱਫ. ਜੇ., ਇਕ ਲੱਖ ਡਾਲਰ ਐੱਸ. ਐੱਫ. ਜੇ. ਦੇ ਨਾਅਰੇ ਲਿਖੇ ਹੋਏ ਮਿਲੇ। ਐੱਸ.ਐੱਫ.ਜੇ. ਦੇ ਮੁਖੀ ਗੁਰਪਤਵੰਤ ਸਿੰਘ ਪੰਨੂੰ ਨੇ ਇਕ ਵੀਡੀਓ ਜਾਰੀ ਕਰ ਕੇ ਇਨ੍ਹਾਂ ਨਾਅਰੇ ਲਿਖਣ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਹੈ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਗਈ ਹੈ। ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਤੇ ਏਅਰਫੋਰਸ ਅਫਸਰ ਮੌਕੇ ’ਤੇ ਪੁੱਜੇ। ਸਿਰਸਾ ਦੇ ਪੁਲਸ ਕਪਤਾਨ ਉਦੇ ਸਿੰਘ ਮੀਣਾ ਨੇ ਮੌਕੇ ’ਤੇ ਨਿਰੀਖਣ ਕੀਤਾ। ਫਿਰ ਅਫਸਰਾਂ ਨੇ ਇਨ੍ਹਾਂ ਲਿਖੇ ਹੋਏ ਨਾਅਰਿਆਂ ’ਤੇ ਰੰਗ ਕਰਵਾ ਕੇ ਮਿਟਵਾ ਦਿੱਤਾ। ਪੁਲਸ ਕਪਤਾਨ ਉਦੇ ਸਿੰਘ ਮੀਣਾ ਨੇ ਕਿਹਾ ਕਿ ਪੁਲਸ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ।


author

DIsha

Content Editor

Related News