ਦਿੱਲੀ ''ਚ ਪ੍ਰਦੂਸ਼ਣ ਦੇ ਪੱਧਰ ''ਚ ਆਈ ਮਾਮੂਲੀ ਗਿਰਾਵਟ, AQI ''ਬਹੁਤ ਖ਼ਰਾਬ'' ਸ਼੍ਰੇਣੀ ''ਚ ਦਰਜ
Tuesday, Nov 07, 2023 - 10:41 AM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਵਿਚ ਮੰਗਲਵਾਰ ਸਵੇਰੇ ਪ੍ਰਦੂਸ਼ਣ ਦੇ ਪੱਧਰ ਵਿਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਅਤੇ ਲਗਾਤਾਰ 5 ਦਿਨ ਗੰਭੀਰ ਸ਼੍ਰੇਣੀ ਵਿਚ ਰਹਿਣ ਤੋਂ ਬਾਅਦ ਹਵਾ ਦੀ ਗੁਣਵੱਤਾ 'ਬਹੁਤ ਖਰਾਬ' ਸ਼੍ਰੇਣੀ ਵਿਚ ਦਰਜ ਕੀਤੀ ਗਈ। ਰਾਸ਼ਟਰੀ ਰਾਜਧਾਨੀ ਵਿਚ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 394 ਦਰਜ ਕੀਤਾ ਗਿਆ ਹੈ ਜਦੋਂ ਕਿ ਸੋਮਵਾਰ ਸ਼ਾਮ 4 ਵਜੇ ਏਕਿਊਆਈ 421 ਦਰਜ ਕੀਤਾ ਗਿਆ ਸੀ। ਪ੍ਰਦੂਸ਼ਣ ਦੇ ਪੱਧਰ ਵਿਚ ਮਾਮੂਲੀ ਗਿਰਾਵਟ ਦੇ ਬਾਵਜੂਦ, ਪੀਐੱਮ2.5 (ਬਾਰੀਕ ਕਣ ਜੋ ਸਾਹ ਰਾਹੀਂ ਸਾਹ ਪ੍ਰਣਾਲੀ ਵਿਚ ਡੂੰਘੇ ਪ੍ਰਵੇਸ਼ ਕਰ ਸਕਦੇ ਹਨ ਅਤੇ ਸਾਹ ਲੈਣ ਵਿਚ ਸਮੱਸਿਆਵਾਂ ਪੈਦਾ ਕਰ ਸਕਦੇ ਹਨ) 60 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦੀ ਸੁਰੱਖਿਅਤ ਸੀਮਾ ਤੋਂ 7 ਤੋਂ 8 ਗੁਣਾ ਵਧ ਰਿਹਾ। ਇਹ ਵਿਸ਼ਵ ਸਿਹਤ ਸੰਗਠਨ (WHO) ਦੁਆਰਾ ਨਿਰਧਾਰਤ ਸਿਹਤਮੰਦ ਹੱਦ (15 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ) ਤੋਂ 30 ਤੋਂ 40 ਗੁਣਾ ਵੱਧ ਹੈ। ਗੁਆਂਢੀ ਸੂਬੇ ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿਚ ਵੀ ਹਵਾ ਦੀ ਗੁਣਵੱਤਾ ਖ਼ਰਾਬ ਦਰਜ ਕੀਤੀ ਗਈ ਹੈ। ਗਾਜ਼ੀਆਬਾਦ ਵਿਚ AQI 338, ਗੁਰੂਗ੍ਰਾਮ ਵਿਚ 364, ਨੋਇਡਾ ਵਿਚ 348, ਗ੍ਰੇਟਰ ਨੋਇਡਾ ਵਿਚ 439 ਅਤੇ ਫਰੀਦਾਬਾਦ ਵਿੱਚ 382 ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਦਿੱਲੀ-NCR 'ਚ 32 ਫ਼ੀਸਦੀ ਪਰਿਵਾਰ ਦੀਵਾਲੀ 'ਤੇ ਪਟਾਕੇ ਚਲਾਉਣ ਦੀ ਬਣਾ ਰਹੇ ਹਨ ਯੋਜਨਾ
ਦਿੱਲੀ ਸਰਕਾਰ ਨੇ ਦੀਵਾਲੀ ਤੋਂ ਬਾਅਦ ਹਵਾ ਗੁਣਵੱਤਾ ਦੇ ਹੋਰ ਵਿਗੜਨ ਦੇ ਡਰ ਕਾਰਨ ਦਿੱਲੀ ਸਰਕਾਰ ਨੇ ਸੋਮਵਾਰ ਨੂੰ 4 ਸਾਲ ਬਾਅਦ ਓਡ-ਈਵਨ ਕਾਰ ਯੋਜਨਾ ਨੂੰ ਲਾਗੂ ਕਰਨ ਦਾ ਐਲਾਨ ਕੀਤਾ। ਇਸ ਸਕੀਮ ਦੇ ਤਹਿਤ, ਓਡ ਜਾਂ ਈਵਨ ਰਜਿਸਟ੍ਰੇਸ਼ਨ ਨੰਬਰਾਂ ਵਾਲੀਆਂ ਕਾਰਾਂ ਨੂੰ ਬਦਲਵੇਂ ਦਿਨਾਂ (ਇਕ ਦਿਨ ਨੂੰ ਛੱਡ ਕੇ) ਚੱਲਣ ਦੀ ਇਜਾਜ਼ਤ ਹੈ। ਸ਼ਿਕਾਗੋ ਯੂਨੀਵਰਸਿਟੀ ਦੇ ਐਨਰਜੀ ਪਾਲਿਸੀ ਇੰਸਟੀਚਿਊਟ ਐਂਡ ਐਵੀਡੈਂਸ ਫਾਰ ਪਾਲਿਸੀ ਡਿਜ਼ਾਈਨ ਨੇ 2016 ਵਿਚ ਓਡ-ਈਵਨ ਨੀਤੀ ਦੇ ਪ੍ਰਭਾਵਾਂ ਦਾ ਵਿਸ਼ਲੇਸ਼ਣ ਕੀਤਾ ਅਤੇ ਪਾਇਆ ਕਿ ਉਸ ਸਾਲ ਜਨਵਰੀ ਵਿਚ ਜਦੋਂ ਨੀਤੀ ਲਾਗੂ ਕੀਤੀ ਗਈ ਸੀ, ਤਾਂ ਦਿੱਲੀ ਵਿਚ ਪੀਐੱਮ2.5 ਦੇ ਪੱਧਰ ਵਿਚ ਕਾਫ਼ੀ ਗਿਰਾਵਟ ਆਈ ਸੀ ਅਤੇ 14-16 ਫ਼ੀਸਦੀ ਦੀ ਕਮੀ ਆਈ ਸੀ। ਹਾਲਾਂਕਿ, ਜਦੋਂ ਇਹ ਨੀਤੀ ਉਸੇ ਸਾਲ ਅਪ੍ਰੈਲ ਵਿਚ ਦੁਬਾਰਾ ਲਾਗੂ ਕੀਤੀ ਗਈ ਸੀ ਤਾਂ ਪ੍ਰਦੂਸ਼ਣ ਵਿਚ ਕੋਈ ਕਮੀ ਨਜ਼ਰ ਨਹੀਂ ਆਈ। ਸਕੂਲੀ ਬੱਚਿਆਂ ਦੀ ਸਿਹਤ ਨੂੰ ਪਹਿਲ ਦਿੰਦੇ ਹੋਏ ਸਰਕਾਰ ਨੇ ਸਾਰੇ ਸਕੂਲਾਂ ਵਿਚ 10 ਨਵੰਬਰ ਤੱਕ ਕਲਾਸਾਂ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਸਿਰਫ਼ ਆਨਲਾਈਨ ਕਲਾਸਾਂ ਦੀ ਆਗਿਆ ਦਿੱਤੀ ਹੈ। ਸਿਰਫ਼ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ 'ਤੇ ਇਹ ਲਾਗੂ ਨਹੀਂ ਹੋਵੇਗਾ। ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਲਈ ਧਰਤੀ ਵਿਗਿਆਨ ਮੰਤਰਾਲਾ ਦੀ ਏਅਰ ਕੁਆਲਿਟੀ ਅਰਲੀ ਚੇਤਾਵਨੀ ਪ੍ਰਣਾਲੀ ਦੇ ਅਨੁਸਾਰ, ਖੇਤਰ ਵਿਚ ਹਵਾ ਦੀ ਗੁਣਵੱਤਾ 5 ਤੋਂ 6 ਹੋਰ ਦਿਨਾਂ ਤੱਕ ਗੰਭੀਰ ਰਹਿਣ ਦੀ ਉਮੀਦ ਹੈ। ਦਿੱਲੀ-ਐੱਨਸੀਆਰ ਲਈ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਦੇ 'ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ' (ਜੀਆਰਏਪੀ) ਦੇ ਅੰਤਿਮ ਪੜਾਅ ਤਹਿਤ ਲੋੜੀਂਦੀਆਂ ਸਾਰੀਆਂ ਸਖ਼ਤ ਪਾਬੰਦੀਆਂ ਵੀ ਦਿੱਲੀ ਵਿਚ ਲਾਗੂ ਕਰ ਦਿੱਤੀਆਂ ਗਈਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8