ਹਿਮਾਚਲ, ਉੱਤਰਾਖੰਡ ਤੇ ਲੱਦਾਖ ’ਚ ਫਿਰ ਮੌਤ ਦਾ ਤਾਂਡਵ ਦਿਖਾ ਸਕਦੇ ਹਨ ਖਿਸਕਦੇ ਪਹਾੜ

09/21/2023 12:49:35 PM

ਜਲੰਧਰ, (ਇੰਟ)- ਪਹਾੜੀ ਸੂਬਿਆਂ ’ਚ ਅਕਸਰ ਨੇਤਾਵਾਂ ਦੇ ਭਾਸ਼ਣਾਂ ’ਚ ਜ਼ਿਕਰ ਹੁੰਦਾ ਸੀ ਕਿ ਸੜਕਾਂ ਵਿਕਾਸ ਦੀ ਕਿਸਮਤ ਰੇਖਾ ਹੁੰਦੀਆਂ ਹਨ ਪਰ ਇਹੀ ਸੜਕਾਂ ਹੁਣ ਮਨੁੱਖੀ ਜ਼ਿੰਦਗੀ ’ਤੇ ਕਹਿਰ ਢਾਹ ਰਹੀਆਂ ਹਨ। ਹਿਮਾਚਲ ਅਤੇ ਉੱਤਰਾਖੰਡ ’ਚ ਖਿਸਕਦੇ ਪਹਾੜਾਂ ਦਾ ਮੌਤ ਦਾ ਤਾਂਡਵ ਦੇਖਣ ਪਿੱਛੋਂ ਇਕ ਅਧਿਐਨ ’ਚ ਇਹ ਸਾਹਮਣੇ ਆਇਆ ਹੈ ਕਿ ਭਾਰਤ ’ਚ ਉੱਤਰਾਖੰਡ, ਹਿਮਾਚਲ ਪ੍ਰਦੇਸ਼, ਲੱਦਾਖ ਦੇ ਨਾਲ-ਨਾਲ ਨੇਪਾਲ ਅਤੇ ਚੀਨ ਦੇ ਸਿਚੁਆਨ ਸੂਬੇ ’ਚ ਵਿਛਿਆ ਸੜਕਾਂ ਅਤੇ ਰਸਿਤਆਂ ਦਾ ਜਾਲ ਜ਼ਮੀਨ ਖਿਸਕਣ ਅਤੇ ਬਰਫ ਦੇ ਤੋਦੇ ਡਿੱਗਣ ਪ੍ਰਤੀ ਸਭ ਤੋਂ ਵੱਧ ਸੰਵੇਦਨਸ਼ੀਲ ਹੈ। ਅਧਿਐਨ ਦੀ ਮੰਨੀਏ ਤਾਂ ਉਕਤ ਸੂਬਿਆਂ ’ਚ ਆਮ ਨਾਲੋਂ ਵੱਧ ਮੀਂਹ ਪਵੇਗਾ ਤਾਂ ਫਿਰ ਤੋਂ ਤਬਾਹੀ ਦਾ ਸਾਹਮਣਾ ਕਰਨਾ ਪਵੇਗਾ।

ਸੰਵੇਦਨਸ਼ੀਲ ਇਲਾਕਿਆਂ ’ਚ ਰਹਿੰਦੇ ਹਨ ਲੱਖਾਂ ਲੋਕ

ਮਾਹਿਰਾਂ ਦਾ ਕਹਿਣਾ ਹੈ ਕਿ ਮੱਧ ਹਿਮਾਲਿਆ ਖੇਤਰ ’ਚ ਰਹਿਣ ਵਾਲੇ ਲੋਕਾਂ ਨੂੰ ਖਿਸਕਦੇ ਪਹਾੜਾਂ ਅਤੇ ਬਰਫ ਦੇ ਤੋਦਿਆਂ ਤੋਂ ਸਭ ਤੋਂ ਵੱਧ ਖਤਰਾ ਹੈ। ਅਧਿਐਨ ਦੇ ਮੁਤਾਬਕ ਇਹ ਖੇਤਰ ਨਾ ਸਿਰਫ ਮੌਜੂਦਾ ਸਮੇ ’ਚ ਸਗੋਂ ਭਵਿੱਖ ’ਚ ਵੀ ਇਸ ਦੇ ਪ੍ਰਤੀ ਬੇਹੱਦ ਸੰਵੇਦਨਸ਼ੀਲ ਹੈ। ਇਹ ਅਧਿਐਨ ਜਰਨਲ ਆਰਥਰਜ ਫਿਊਚਰ ’ਚ ਛਪਿਆ ਹੈ।

ਖੋਜ ਦਾ ਵਿਸ਼ਲੇਸ਼ਣ ਕਰਦੇ ਹੋਏ ‘ਡਾਊਨ ਟੂ ਅਰਥ’ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਹਿਮਾਲਿਆ ’ਚ ਬਰਫ ਦੇ ਤੋਦੇ ਡਿੱਗਣ ਅਤੇ ਜ਼ਮੀਨ ਖਿਸਕਣ ਵਰਗੀਆਂ ਘਟਨਾਵਾਂ ਕੋਈ ਨਵੀਂ ਗੱਲ ਨਹੀਂ ਹੈ ਪਰ ਜਿਸ ਤਰ੍ਹਾਂ ਇਸ ਤਰ੍ਹਾਂ ਦੀਆਂ ਤਬਾਹਕੁੰਨ ਆਫਤਾਂ ’ਚ ਵਾਧਾ ਹੋ ਰਿਹਾ ਹੈ, ਉਸ ਨਾਲ ਮਨੁੱਖੀ ਜੀਵਨ ਅਤੇ ਬੁਨਿਆਦੀ ਢਾਂਚੇ ਲਈ ਖਤਰਾ ਵੀ ਵਧਦਾ ਜਾ ਰਿਹਾ ਹੈ। ਇਸ ਖੇਤਰ ’ਚ ਲੱਖਾਂ ਲੋਕ ਅਜਿਹੇ ਖੇਤਰਾਂ ’ਚ ਰਹਿ ਰਹੇ ਹਨ, ਜੋ ਜ਼ਮੀਨ ਖਿਸਕਣ ਅਤੇ ਬਰਫ ਦੇ ਤੋਦੇ ਡਿੱਗਣ ਵਰਗੀਆਂ ਆਫਤਾਂ ਪ੍ਰਤੀ ਬੇਹੱਦ ਸੰਵੇਦਨਸ਼ੀਲ ਹੈ।

ਜ਼ਮੀਨ-ਖਿਸਕਣ ਵਰਗੀਆਂ ਘਟਨਾਵਾਂ ਨੂੰ ਮਾਪਣ ਦੀ ਕੋਸ਼ਿਸ਼

ਅਧਿਐਨ ’ਚ ਮਾਹਿਰਾਂ ਨੇ ਇਸ ਨੂੰ ਸਮਝਣ ਲਈ ਹਿੰਦੂ ਕੁਸ਼, ਕਰਾਕੋਰਮ, ਪੱਛਮੀ ਹਿਮਾਲਿਆ, ਪੂਰਬੀ ਹਿਮਾਲਿਆ, ਮੱਧ ਹਿਮਾਲਿਆ ਅਤੇ ਹੇਂਗ ਡੂਆਨ ਸ਼ਾਨ ਖਾਨ ਇਲਾਕੇ ’ਚ ਇਨ੍ਹਾਂ ਖਤਰਿਆਂ ਦਾ ਵਿਸ਼ਲੇਸ਼ਣ ਕੀਤਾ ਹੈ। ਇਸ ’ਚ ਉਨ੍ਹਾਂ ਨੇ ਹਿਮਾਲਿਆ ਦੀਆਂ ਇਨ੍ਹਾਂ 6 ਪ੍ਰਮੁੱਖ ਪਰਵਤ ਲੜੀਆਂ ’ਚ ਰਹਿਣ ਵਾਲੇ ਲੋਕਾਂ, ਮੁੱਢਲੇ ਢਾਂਚੇ, ਪਾਣੀ ਵਾਲੇ ਰਾਹ ਅਤੇ ਸੜਕਾਂ ’ਤੇ ਮੰਡਰਾਉਂਦੇ ਖਤਰੇ ਨੂੰ ਮਾਪਣ ਦੀ ਕੋਸ਼ਿਸ਼ ਕੀਤੀ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜ਼ਮੀਨ ਖਿਸਕਣ ਵਰਗੀਆਂ ਘਟਨਾਵਾਂ ’ਤੇ ਨਜ਼ਰ ਰੱਖਣ ਦਾ ਇਕ ਨਵਾਂ ਤਰੀਕਾ ਲੱਭਿਆ ਹੈ ਅਤੇ ਪਹਿਲੀ ਵਾਰ ਹਿਮਾਲਿਆ ਪਰਵਤ ਲੜੀ ’ਚ ਇਸ ਦੀ ਵਰਤੋਂ ਕੀਤੀ ਹੈ। ਉਨ੍ਹਾਂ ਨੇ ਇਸ ਪ੍ਰਣਾਲੀ ਦੀ ਵਰਤੋਂ ਇਹ ਮਾਪਣ ਲਈ ਕੀਤੀ ਹੈ ਕਿ ਇਨ੍ਹਾਂ ਘਟਨਾਵਾਂ ’ਚ 6 ਪਰਬਤ ਲੜੀਆਂ ਦੇ ਮੁੱਢਲੇ ਢਾਂਚੇ, ਪਾਣੀ ਵਾਲੇ ਰਾਹ, ਸੜਕਾਂ ਅਤੇ ਲੋਕ ਕਿਵੇਂ ਪ੍ਰਭਾਵਿਤ ਹੋ ਰਹੇ ਹਨ।

ਦੇਸ਼ ’ਚ ਹਨ 147 ਜ਼ਮੀਨ ਖਿਸਕਣ ਵਾਲੇ ਪ੍ਰਭਾਵਿਤ ਜ਼ਿਲੇ

ਅਧਿਐਨ ਮੁਤਾਬਕ ਹਿਮ ਨਦੀਆਂ (ਪਹਾੜੀ ਝੀਲਾਂ) ਦਾ ਸਭ ਤੋਂ ਵੱਧ ਪ੍ਰਭਾਵ ਮੌਜੂਦਾ ਸਮੇਂ ’ਚ ਪੂਰਬੀ ਹਿਮਾਲਿਆ ਖੇਤਰ ’ਚ ਦੇਖਿਆ ਗਿਆ ਹੈ ਪਰ ਖੋਜਕਰਤਾਵਾਂ ਦਾ ਮੰਨਣਾ ਹੈ ਕਿ ਇਸ ਦਾ ਅਸਰ ਭਵਿੱਖ ’ਚ ਕਰਾਕੋਰਮ ਅਤੇ ਪੱਛਮੀ ਹਿਮਾਲਿਆ ਖੇਤਰ ’ਚ ਤਬਦੀਲ ਹੋ ਜਾਵੇਗਾ। ਅਜਿਹੇ ’ਚ ਖੋਜਕਰਤਾਵਾਂ ਨੂੰ ਭਰੋਸਾ ਹੈ ਕਿ ਇਸ ਅਧਿਐਨ ਦੇ ਨਤੀਜੇ ਖੋਜਕਰਤਾਵਾਂ, ਨੀਤੀ ਨਿਰਮਾਤਾਵਾਂ, ਹਿੱਤਧਾਰਕਾਂ ਅਤੇ ਸਥਾਨਕ ਸਰਕਾਰਾਂ ਨੂੰ ਜ਼ੋਖਮ ਘੱਟ ਕਰਨ ਦੇ ਨਾਲ-ਨਾਲ ਇਸ ਤੋਂ ਬਚਾਅ ਦੇ ਉਪਾਵਾਂ ਲਈ ਉਨ੍ਹਾਂ ਖੇਤਰਾਂ ਦਾ ਪਤਾ ਲਾਉਣ ’ਚ ਮਦਦ ਕਰਨਗੇ, ਜਿੱਥੇ ਡੂੰਘਾਈ ਨਾਲ ਜਾਂਚ ਦੀ ਲੋੜ ਹੈ। ਹਾਲ ਹੀ ’ਚ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ ਨੇ ਦੇਸ਼ ’ਚ ਜ਼ਮੀਣ ਖਿਸਕਣ ਦੇ ਖਤਰੇ ਨੂੰ ਲੈ ਕੇ ਇਕ ਨਵੀਂ ਰਿਪੋਰਟ ‘ਲੈਂਡਸਲਾਈਡ ਐਟਲਸ ਆਫ ਇੰਡੀਆ 2023’ ਜਾਰੀ ਕੀਤੀ ਸੀ। ਇਸ ਰਿਪੋਰਟ ਨੇ ਵੀ ਮੰਨਿਆ ਸੀ ਕਿ ਦੇਸ਼ ਦੇ 147 ਜ਼ਮੀਨ ਖਿਸਕਣ ਦੀ ਘਟਨਾਵਾਂ ਤੋਂ ਪ੍ਰਭਾਵਿਤ ਜ਼ਿਲਿਆਂ ’ਚੋਂ 64 ਪੂਰਬ-ਉੱਤਰ ਦੇ ਹਨ।

ਰੁਦਰਪ੍ਰਯਾਗ ’ਚ ਜ਼ਮੀਨ ਖਿਸਕਣ ਦਾ ਜ਼ੋਖਮ ਜ਼ਿਆਦਾ

ਇਸ ਰਿਪੋਰਟ ਨਾਲ ਪਤਾ ਲੱਗਿਆ ਹੈ ਕਿ ਦੇਸ਼ ’ਚ ਰੁਦਰਪ੍ਰਯਾਗ, ਟੀਹਰੀ ਗੜ੍ਹਵਾਲ, ਰਾਜੌਰੀ, ਤ੍ਰਿਸ਼ੂਰ, ਪੁਲਵਾਮਾ, ਪਲੱਕੜ, ਮਲੱਪੁਰਮ, ਦੱਖਣੀ ਸਿੱਕਿਮ, ਪੂਰਬੀ ਸਿੱਕਿਮ ਅਤੇ ਕੋਝੀਕੋਡ ’ਚ ਜ਼ਮੀਨ ਖਿਸਕਣ ਦਾ ਖਤਰਾ ਸਭ ਤੋਂ ਵੱਧ ਹੈ। ਉੱਤਰਾਖੰਡ ਦੇ ਰੁਦਰਪ੍ਰਯਾਗ ’ਚ ਜ਼ਮੀਨ ਖਿਸਕਣ ਦਾ ਜ਼ੋਖਮ ਸਭ ਤੋਂ ਵੱਧ ਹੈ। ਦੱਸ ਦੇਈਏ ਕਿ ਜੋਸ਼ੀਮੱਠ ਸਮੇਤ ਉੱਤਰਾਖੰਡ ਦੇ ਵੱਖ-ਵੱਖ ਇਲਾਕਿਆਂ ’ਚ ਜ਼ਮੀਨ ਖਿਸਕਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। 29 ਜੂਨ 2022 ਨੂੰ ਮਣੀਪੁਰ ਦੇ ਨੋਨੀ ਜ਼ਿਲੇ ’ਚ ਜ਼ਮੀਨ ਖਿਸਕਣ ਦੀ ਅਜਿਹੀ ਹੀ ਇਕ ਘਟਨਾ ’ਚ ਘੱਟ ਤੋਂ ਘੱਟ 79 ਲੋਕਾਂ ਦੀ ਮੌਤ ਹੋ ਗਈ ਸੀ।

ਇਨਸਾਨੀ ਆਬਾਦੀ ’ਤੇ ਪੈ ਸਕਦਾ ਹੈ ਵੱਡਾ ਅਸਰ

ਅਧਿਐਨ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਮੱਧ ਿਹਮਾਲਿਆ ਖੇਤਰ ’ਚ ਪਾਣੀ ਦੇ ਮਾਰਗਾਂ ਨੂੰ ਬਰਫ ਦੇ ਤੋਦੇ ਡਿੱਗਣ ਅਤੇ ਖਿਸਕਦੇ ਪਹਾੜਾਂ ਤੋਂ ਸਭ ਤੋਂ ਵੱਧ ਖਤਰਾ ਹੈ। ਉੱਥੇ ਹੀ ਕਰਾਕੋਰਮ ਖੇਤਰ ’ਚ ਇਮਾਰਤਾਂ ਅਤੇ ਸੜਕਾਂ ਦੇ ਇਨ੍ਹਾਂ ਆਫਤਾਂ ਦੇ ਸੰਪਰਕ ’ਚ ਆਉਣ ਦਾ ਜ਼ੋਖਮ ਸਭ ਤੋਂ ਵੱਧ ਹੈ। ਰਿਸਰਚ ’ਚ ਲੋਕਾਂ ਦੀ ਵਸੋਂ ਅਤੇ ਖਤਰਨਾਕ ਗੈਸਾਂ ਦੀ ਨਿਕਾਸੀ ਦੇ ਵਧਦੇ ਵੱਖ-ਵੱਖ ਕਾਰਕਾਂ ਨਾਲ ਭਵਿੱਖ ’ਚ ਅੰਦਾਜ਼ਨ ਆਬਾਦੀ ਦੇ ਵਿਸ਼ਲੇਸ਼ਣ ਤੋਂ ਇਹ ਵੀ ਪਤਾ ਲੱਗਾ ਹੈ ਕਿ ਆਉਣ ਵਾਲੇ ਸਮੇਂ ’ਚ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਇਨਸਾਨੀ ਆਬਾਦੀ ’ਤੇ ਵੱਡਾ ਅਸਰ ਪਵੇਗਾ। ਆਪਣੇ ਇਸ ਅਧਿਐਨ ’ਚ ਖੋਜਕਰਤਾਵਾਂ ਨੇ ਹਿਮਨਦੀਆਂ (ਪਹਾੜੀ ਝੀਲਾਂ) ਅਤੇ ਉਨ੍ਹਾਂ ’ਤੇ ਇੱਕੋਦਮ ਪੈਣ ਵਾਲੇ ਦਬਾਅ ਕਾਰਨ ਆਉਣ ਵਾਲੇ ਤਬਾਹਕੁੰਨ ਹੜ੍ਹਾਂ ਦਾ ਵੀ ਅਧਿਐਨ ਕੀਤਾ ਹੈ। ਉਨ੍ਹਾਂ ਦੇ ਵਿਸਲੇਸ਼ਣ ਤੋਂ ਪਤਾ ਲੱਗਾ ਹੈ ਕਿ ਵੱਡੇ ਪੱਧਰ ’ਤੇ ਹੋਣ ਵਾਲੀਆਂ ਇਸ ਤਰ੍ਹਾਂ ਦੀਆਂ ਹਲਚਲਾਂ ਭਵਿੱਖ ’ਚ ਇਨ੍ਹਾਂ ਹਿਮਨਦੀਆਂ ਨੂੰ ਤੇਜ਼ੀ ਨਾਲ ਪ੍ਰਭਾਵਿਤ ਕਰ ਸਕਦੀਆਂ ਹਨ। 


Rakesh

Content Editor

Related News