ਮੁਫ਼ਤ ਦਾ ਇਲਾਜ ਪੈ ਗਿਆ ਮਹਿੰਗਾ, 6 ਲੋਕਾਂ ਨੇ ਗੁਆਈ ਅੱਖਾਂ ਦੀ ਰੌਸ਼ਨੀ

Thursday, Dec 19, 2024 - 12:05 PM (IST)

ਮੁਫ਼ਤ ਦਾ ਇਲਾਜ ਪੈ ਗਿਆ ਮਹਿੰਗਾ, 6 ਲੋਕਾਂ ਨੇ ਗੁਆਈ ਅੱਖਾਂ ਦੀ ਰੌਸ਼ਨੀ

ਭਿੰਡ- ਪਿੰਡਾਂ ਵਿਚ ਕਈ ਵਾਰ ਡਾਕਟਰਾਂ ਵਲੋਂ ਮੁਫ਼ਤ ਇਲਾਜ ਲਈ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਹੈ, ਇਸ 'ਚ ਕਈ ਬੀਮਾਰੀਆਂ ਦੇ ਮੁਫ਼ਤ ਇਲਾਜ ਕੀਤੇ ਜਾਂਦੇ ਹਨ। ਮੁਫ਼ਤ ਇਲਾਜ ਦੇ ਚੱਕਰ ਵਿਚ ਕਈ ਲੋਕ ਇਸ ਦਾ ਲਾਭ ਲੈਂਦੇ ਹਨ। ਪਰ ਕਈ ਵਾਰ ਮੁਫ਼ਤ ਇਲਾਜ ਹੀ ਮਹਿੰਗਾ ਪੈ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਵਿਚ ਸਾਹਮਣੇ ਆਇਆ, ਜਿੱਥੇ ਅੱਖਾਂ ਦੇ ਕੈਂਪ 'ਚ 6 ਲੋਕਾਂ ਦੇ ਗਲਤ ਆਪ੍ਰੇਸ਼ਨ ਕਾਰਨ ਨਜ਼ਰ ਚੱਲੀ ਗਈ। ਇਹ ਪੂਰਾ ਮਾਮਲਾ ਜ਼ਿਲ੍ਹੇ ਦੇ ਮੇਹਗਾਓਂ ਸਬ-ਡਿਵੀਜ਼ਨ ਦੇ ਗੋਰਮੀ ਦੇ ਕ੍ਰਿਪੇ ਕਾ ਪੁਰਾ ਪਿੰਡ ਦਾ ਹੈ, ਜਿੱਥੇ ਅੱਖਾਂ ਦੇ ਕੈਂਪ ਵਿਚ ਪ੍ਰਬੰਧਕਾਂ ਨੇ ਜਾਂਚ ਵਿਚ ਪਹਿਲਾਂ ਪਿੰਡ ਵਾਸੀਆਂ ਨੂੰ ਮੋਤੀਆਬਿੰਦ ਦੱਸਿਆ, ਫਿਰ ਉਸੇ ਦਿਨ ਗਵਾਲੀਅਰ ਦੇ ਕਾਲੜਾ ਹਸਪਤਾਲ ਲਿਆ ਕੇ 6 ਬਜ਼ੁਰਗਾਂ ਦਾ ਆਪ੍ਰੇਸ਼ਨ ਕਰ ਦਿੱਤਾ। ਪਿੰਡ ਪਰਤਣ ਮਗਰੋਂ ਜਦੋਂ ਉਨ੍ਹਾਂ ਨੇ ਅੱਖਾਂ ਖੋਲ੍ਹੀਆਂ ਤਾਂ ਉਨ੍ਹਾਂ ਨੂੰ ਦਿੱਸਣਾ ਹੀ ਬੰਦ ਹੋ ਗਿਆ।

ਪੀੜਤਾਂ ਨੇ ਦੱਸਿਆ ਕਿ ਬੀਤੇ ਦਿਨ ਗੋਰਮੀ 'ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ। ਇਕ ਬਜ਼ੁਰਗ ਵਿਅਕਤੀ ਦੀ ਇਕ ਅੱਖ ਦੀ ਬਜਾਏ ਦੂਜੀ ਅੱਖ ਦਾ ਅਪਰੇਸ਼ਨ ਹੋਇਆ ਜਿਸ ਵਿਚ ਉਸ ਨੂੰ ਸਮੱਸਿਆ ਸੀ। ਉਹ ਹੁਣ ਦੋਵੇਂ ਅੱਖਾਂ ਨਾਲ ਦੇਖਣ ਤੋਂ ਅਸਮਰੱਥ ਹੈ। ਸਾਂਝੀ ਸਮਾਜ ਸੇਵੀ ਸੰਸਥਾ ਅਤੇ ਨਿਵਾਰਨ ਹੈਲਥ ਵੈਲਫੇਅਰ ਸੋਸਾਇਟੀ ਵੱਲੋਂ 9 ਦਸੰਬਰ ਨੂੰ ਜ਼ਿਲ੍ਹੇ ਦੇ ਪਿੰਡ ਕ੍ਰਿਪਾ ਕਾ ਪੁਰਾ ਵਿਖੇ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ ਸੀ।

ਗਵਾਲੀਅਰ ਦੇ ਕਾਲੜਾ ਹਸਪਤਾਲ ਦੀ ਟੀਮ ਉੱਥੇ ਪਹੁੰਚੀ ਸੀ। ਟੀਮ ਨੇ 50 ਲੋਕਾਂ ਦੀਆਂ ਅੱਖਾਂ ਦੀ ਜਾਂਚ ਕੀਤੀ। ਜਿਸ ਵਿਚ 8 ਪਿੰਡ ਵਾਸੀਆਂ ਦੀਆਂ ਅੱਖਾਂ ਵਿਚ ਮੋਤੀਆਬਿੰਦ ਪਾਏ ਜਾਣ ਤੋਂ ਬਾਅਦ ਗਵਾਲੀਅਰ ਲਿਆਂਦਾ ਗਿਆ। ਇੱਥੇ ਹਸਪਤਾਲ ਵਿਚ ਅਪਰੇਸ਼ਨ ਕੀਤਾ ਸੀ। ਭਿੰਡ ਦੇ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ ਡਾ. ਸ਼ਿਵਰਾਮ ਸਿੰਘ ਕੁਸ਼ਵਾਹਾ ਨੇ ਅੱਜ ਇੱਥੇ ਕਿਹਾ ਕਿ ਕ੍ਰਿਪਾ ਕਾ ਪੁਰਾ ਵਿਚ ਅੱਖਾਂ ਦਾ ਕੈਂਪ ਲਗਾਉਣ ਦੀ ਇਜਾਜ਼ਤ ਨਹੀਂ ਲਈ ਗਈ ਸੀ। ਇਹ ਕੈਂਪ ਕਿਵੇਂ ਆਯੋਜਿਤ ਕੀਤਾ ਗਿਆ, ਇਸ ਬਾਰੇ ਪਤਾ ਕੀਤਾ ਜਾ ਰਿਹਾ ਹੈ। ਸਬੰਧਤ ਹਸਪਤਾਲ 'ਤੇ ਕਾਰਵਾਈ ਕੀਤੀ ਜਾਵੇਗੀ।


author

Tanu

Content Editor

Related News