ਜੰਮੂ ਕਸ਼ਮੀਰ : ਬਾਂਦੀਪੋਰਾ ’ਚ ਲਸ਼ਕਰ ਦੇ 6 ਅੱਤਵਾਦੀ ਗ੍ਰਿਫ਼ਤਾਰ
Wednesday, Aug 25, 2021 - 10:20 AM (IST)
ਸ਼੍ਰੀਨਗਰ- ਸੁਰੱਖਿਆ ਫ਼ੋਰਸਾਂ ਨੇ ਜੰਮੂ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ’ਚ ਮੰਗਲਵਾਰ ਨੂੰ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (ਐੱਲ.ਈ.ਟੀ.) ਦੇ 6 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਇਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਕ ਖ਼ੁਫੀਆ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਸੁਰੱਖਿਆ ਫ਼ੋਰਸਾਂ ਨੇ ਬਾਂਦੀਪੋਰਾ ਦੇ ਪੇਠਕੂਟ ’ਚ ਲਸ਼ਕਰ ਦੇ 6 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ। ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਦੀ ਪਛਾਣ ਮੁਹੰਮਦ ਸਲੀਮ ਖਾਨ, ਮੁਜ਼ੱਫਰ ਮੋਹਿਉਦੀਨ ਲੋਨ, ਮੁਹੰਮਦ ਅਮੀਨ ਲੋਨ, ਰਿਜਵਾਨ ਕਾਦਿਰ ਲੋਨ, ਇਮਤਿਆਜ਼ ਅਹਿਮਦ ਲੋਨ ਅਤੇ ਜਾਵੇਦ ਅਹਿਮਦ ਲੋਨ ਦੇ ਰੂਪ ’ਚ ਕੀਤੀ ਗਈ ਹੈ। ਉਨ੍ਹਾਂ ਕੋਲੋਂ 2 ਹੱਥਗੋਲੇ, 15 ਏ. ਕੇ. ਰਾਊਂਡ, 2 ਮੈਟ੍ਰਿਕਸ ਸ਼ੀਟ, 2 ਡੇਟੋਨੇਟਰ ਅਤੇ ਹੋਰ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕਸ਼ਮੀਰ ’ਚ ਇਸ ਸਾਲ ਸੁਰੱਖਿਆ ਫ਼ੋਰਸਾਂ ਨੇ 100 ਤੋਂ ਵੱਧ ਅੱਤਵਾਦੀ ਕੀਤੇ ਢੇਰ
ਸੂਤਰਾਂ ਨੇ ਦੱਸਿਆ ਕਿ ਇਹ ਅੱਤਵਾਦੀ ਬਾਂਦੀਪੋਰਾ ਜ਼ਿਲ੍ਹੇ ’ਚ ਲਸ਼ਕਰ-ਏ-ਤੋਇਬਾ ਦੇ ਸਰਗਰਮ ਅੱਤਵਾਦੀਆਂ ਨੂੰ ਪਨਾਹ, ਰਾਸ਼ਨ ਅਤੇ ਹੋਰ ਸਮੱਗਰੀ ਮਦਦ ਪ੍ਰਦਾਨ ਕਰਦੇ ਸਨ। ਉਨ੍ਹਾਂ ਦੱਸਿਆ ਕਿ ਇਸ ਸੰਬੰਧ ’ਚ ਕਾਨੂੰਨ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਵਿਚ ਸੁਰੱਖਿਆ ਫ਼ੋਰਸਾਂ ਨੇ ਜ਼ਿਲ੍ਹੇ ’ਚ ਅਲੋਸਾ ਦੇ ਨਾਗਮਰਗ ਜੰਗਲਾਤ ਖੇਤਰ ’ਚ ਇਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ। ਉਨ੍ਹਾਂ ਦੱਸਿਆ ਕਿ ਇਸ ਟਿਕਾਣੇ ਤੋਂ ਯੂ.ਬੀ.ਜੀ.ਐੱਲ. ਦੇ 10 ਰਾਊਂਡ, 2 ਚੀਨੀ ਗ੍ਰਨੇਡ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਬਾਰਾਮੂਲਾ ਜ਼ਿਲ੍ਹੇ ’ਚ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ ’ਚ 3 ਅੱਤਵਾਦੀ ਢੇਰ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ