ਹਰਿਆਣਾ ''ਚ ਫਿਰਕੂ ਹਿੰਸਾ ''ਚ 6 ਲੋਕਾਂ ਦੀ ਮੌਤ, 116 ਲੋਕ ਗ੍ਰਿਫ਼ਤਾਰ :CM ਖੱਟੜ
Wednesday, Aug 02, 2023 - 02:35 PM (IST)
ਹਰਿਆਣਾ (ਭਾਸ਼ਾ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਬੁੱਧਵਾਰ ਨੂੰ ਕਿਹਾ ਕਿ ਰਾਜ 'ਚ ਫਿਰਕੂ ਹਿੰਸਾ 'ਚ 2 ਹੋਮ ਗਾਰਡ ਸਮੇਤ 6 ਲੋਕਾਂ ਦੀ ਮੌਤ ਹੋ ਗਈ ਅਤੇ ਇਨ੍ਹਾਂ ਮਾਮਲਿਆਂ 'ਚ 116 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਨੂਹ 'ਚ ਝੜਪ ਤੋਂ ਬਾਅਦ ਹੋਰ ਥਾਵਾਂ 'ਤੇ ਹਿੰਸਾ ਦੀਆਂ ਘਟਨਾਵਾਂ ਹੋਈਆਂ, ਜਿਨ੍ਹਾਂ 'ਤੇ ਕਾਬੂ ਪਾ ਲਿਆ ਗਿਆ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਨੂਹ ਦੇ ਨਲਹੜ ਅਤੇ ਗੁਰੂਗ੍ਰਾਮ ਦੇ ਮੇਦਾਂਤਾ ਸਮੇਤ ਵੱਖ-ਵੱਖ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ ਹੈ। ਹਿੰਸਾ ਦੀਆਂ ਘਟਨਾਵਾਂ 'ਚ 116 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂ ਕਿ ਹੋਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਕ ਬਿਆਨ 'ਚ ਖੱਟੜ ਨੇ ਕਿਹਾ ਕਿ ਹੁਣ ਤੱਕ ਦੀ ਜਾਣਕਾਰੀ ਅਨੁਸਾਰ, 6 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚ 2 ਹੋਮ ਗਾਰਡ ਅਤੇ ਚਾਰ ਆਮ ਨਾਗਰਿਕ ਸ਼ਾਮਲ ਹਨ। ਨਾਲ ਹੀ ਕਈ ਲੋਕ ਜ਼ਖ਼ਮੀ ਹਨ। ਉਨ੍ਹਾਂ ਕਿਹਾ ਕਿ ਸਾਜਿਸ਼ਕਰਤਾਵਾਂ ਦੀ ਪਛਾਣ ਕੀਤੀ ਜਾ ਰਹੀ ਹੈ, ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਖੱਟੜ ਨੇ ਕਿਹਾ ਕਿ ਆਮ ਲੋਕਾਂ ਦੀ 'ਸੁਰੱਖਿਆ ਸਾਡੀ ਜ਼ਿੰਮੇਵਾਰੀ' ਹੈ। ਰਾਜ 'ਚ ਹਰਿਆਣਾ ਪੁਲਸ ਦੇ ਜਵਾਨਾਂ ਤੋਂ ਇਲਾਵਾ ਕੇਂਦਰੀ ਸੁਰੱਖਿਆ ਫ਼ੋਰਸਾਂ ਦੀਆਂ 20 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇਨ੍ਹਾਂ 'ਚ ਤਿੰਨ ਪਲਵਲ, 2 ਗੁਰੂਗ੍ਰਾਮ, ਇਕ ਫਰੀਦਾਬਾਦ ਅਤੇ 14 ਨੂਹ 'ਚ ਤਾਇਨਾਤ ਹਨ। ਮੁੱਖ ਮੰਤਰੀ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਮੰਗਲਵਾਰ ਨੂੰ ਨੂਹ ਹਿੰਸਾ ਨੂੰ ਮੰਦਭਾਗੀ ਕਰਾਰ ਦਿੱਤਾ ਸੀ ਅਤੇ ਕਿਹਾ ਸੀ ਕਿ ਵਿਸ਼ਵ ਹਿੰਦੂ ਪ੍ਰੀਸ਼ਦ (ਵੀ.ਐੱਚ.ਪੀ.) ਦੀ ਯਾਤਰਾ 'ਤੇ ਹਮਲਾ ਯੋਜਨਾਬੱਧ ਸੀ ਜੋ ਇਕ ਵੱਡੀ ਸਾਜਿਸ਼ ਵੱਲ ਇਸ਼ਾਰਾ ਕਰਦਾ ਹੈ। ਖੱਟੜ ਨੇ ਇਕ ਟਵੀਟ 'ਚ ਕਿਹਾ ਸੀ,''ਯੋਜਨਾਬੱਧ ਤਰੀਕੇ ਨਾਲ ਨੂਹ 'ਚ ਸਮਾਜਿਕ ਯਾਤਰਾ ਨੂੰ ਭੰਗ ਕਰਨ ਲਈ ਹਮਲਾ ਕੀਤਾ ਗਿਆ ਅਤੇ ਪੁਲਸ ਨੂੰ ਵੀ ਨਿਸ਼ਾਨਾ ਬਣਾਇਆ ਗਿਆ, ਜੋ ਵੱਡੀ ਸਾਜਿਸ਼ ਵੱਲ ਇਸ਼ਾਰਾ ਕਰਦਾ ਹੈ।'' ਗ੍ਰਹਿ ਮੰਤਰੀ ਅਨਿਲ ਵਿਜ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਕਿਸੇ ਨੇ ਹਰਿਆਣਾ 'ਚ ਸ਼ਾਂਤੀ ਭੰਗ ਕਰਨ ਲਈ ਨੂਹ 'ਚ ਹਿੰਸਾ ਦੀ ਸਾਜਿਸ਼ ਰਚੀ। ਹਿੰਸਾ ਤੋਂ ਬਾਅਦ ਮੰਗਲਵਾਰ ਨੂੰ ਅਧਿਕਾਰੀਆਂ ਨੇ ਜ਼ਿਲ੍ਹੇ 'ਚ ਕਰਫਿਊ ਲਗਾ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8