ਕਾਂਗਰਸ ਨੇ 25 ਸਾਲ ਬਾਅਦ ਸੀਤਾਰਾਮ ਕੇਸਰੀ ਨੂੰ ਕੀਤਾ ਯਾਦ, ਰਾਹੁਲ ਗਾਂਧੀ ਨੇ ਭੇਟ ਕੀਤੀ ਸ਼ਰਧਾਂਜਲੀ
Friday, Oct 24, 2025 - 10:18 PM (IST)
ਨਵੀਂ ਦਿੱਲੀ, (ਭਾਸ਼ਾ)- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਸੀਤਾਰਾਮ ਕੇਸਰੀ ਨੂੰ ਉਨ੍ਹਾਂ ਦੀ 25ਵੀਂ ਬਰਸੀ 'ਤੇ ਸ਼ੁੱਕਰਵਾਰ ਸ਼ਰਧਾਂਜਲੀ ਭੇਟ ਕੀਤੀ। ਰਾਹੁਲ ਪਾਰਟੀ ਦੇ ਪੁਰਾਣੇ ਮੁੱਖ ਦਫ਼ਤਰ 24, ਅਕਬਰ ਰੋਡ ਗਏ ਤੇ ਕੇਸਰੀ ਦੀ ਤਸਵੀਰ ’ਤੇ ਫੁੱਲਾਂ ਦੇ ਹਾਰ ਪਾਏ।
ਸੀਤਾਰਾਮ ਕੇਸਰੀ ਦਾ ਜਨਮ 15 ਨਵੰਬਰ, 1919 ਨੂੰ ਪਟਨਾ ਜ਼ਿਲੇ ਦੇ ਦਾਨਾਪੁਰ ’ਚ ਹੋਇਆ ਸੀ। ਆਪਣੇ ਲੰਬੇ ਸਿਆਸੀ ਕਰੀਅਰ ਦੌਰਾਨ ਉਹ ਕਾਂਗਰਸ ’ਚ ਵੱਖ-ਵੱਖ ਅਹੁਦਿਆਂ 'ਤੇ ਰਹੇ। 1996 ਤੋਂ 1998 ਤੱਕ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਹੇ। ਸੋਨੀਆ ਗਾਂਧੀ ਨੇ ਪਾਰਟੀ ਪ੍ਰਧਾਨ ਵਜੋਂ ਕੇਸਰੀ ਦੀ ਥਾਂ ਲਈ ਸੀ।
ਕੇਸਰੀ ਦਾ 24 ਅਕਤੂਬਰ, 2000 ਨੂੰ ਦਿਹਾਂਤ ਹੋ ਗਿਆ ਸੀ। ਉਨ੍ਹਾਂ ਕਾਂਗਰਸ ਨੂੰ ਮਜ਼ਬੂਤ ਕਰਨ ’ਚ ਮੁੱਖ ਭੂਮਿਕਾ ਨਿਭਾਈ। ਪਾਰਟੀ ਅੱਜ ਇਕ ਵਾਰ ਫਿਰ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰ ਰਹੀ ਹੈ।
1998 ’ਚ ਉਨ੍ਹਾਂ ਨੂੰ ਅਪਮਾਨਜਨਕ ਢੰਗ ਨਾਲ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਤੇ ਸੋਨੀਆ ਗਾਂਧੀ ਨੂੰ ਅੰਤ੍ਰਿਮ ਪ੍ਰਧਾਨ ਬਣਾਇਆ ਗਿਆ ਸੀ। ਅਜਿਹੀ ਸਥਿਤੀ ’ਚ 25 ਸਾਲਾਂ ਬਾਅਦ ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ਨੂੰ ਯਾਦ ਕਰਨ ਨੂੰ ਬਿਹਾਰ ਚੋਣਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।
ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਦੇ ਉਤਸ਼ਾਹ ਦਰਮਿਅਾਨ ਕਾਂਗਰਸ ਨੇ ਸਵਰਗੀ ਸੀਤਾਰਾਮ ਕੇਸਰੀ ਦੀ 25ਵੀਂ ਬਰਸੀ 'ਤੇ ਸ਼ਰਧਾਂਜਲੀ ਪ੍ਰੋਗਰਾਮ ਆਯੋਜਿਤ ਕਰਨ ਦਾ ਫੈਸਲਾ ਵੀ ਕੀਤਾ ਹੈ। ਲੰਬੇ ਸਮੇ ਬਾਅਦ ਕੇਸਰੀ ਨੂੰ ਯਾਦ ਕਰਨ ਦੇ ਇਸ ਕਦਮ ਨੂੰ ਰਾਜਦ ਦੇ ਮੁਸਲਿਮ-ਯਾਦਵ ਸਮੀਕਰਨ ਦੇ ਉਲਟ ਦਲਿਤ ਅਤੇ ਓ.ਬੀ.ਸੀ. ਵੋਟ ਬੈਂਕ ਨੂੰ ਲੁਭਾਉਣ ਦੀ ਰਣਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ, ਕਿਉਂਕਿ ਕੇਸਰੀ ਜੋ ਲੰਬੇ ਸਮੇਂ ਤੱਕ ਪਾਰਟੀ ਦੇ ਖਜ਼ਾਨਚੀ ਅਤੇ ਪ੍ਰਧਾਨ ਰਹੇ, ਬਿਹਾਰ ਦੇ ਇਸ ਵੋਟ ਆਧਾਰ ਤੋਂ ਆਏ ਸਨ।
