PM ਮੋਦੀ ਨੇ Navy Day ਦੀਆਂ ਦਿੱਤੀਆਂ ਵਧਾਈਆਂ ! INS ਵਿਕ੍ਰਾਂਤ ''ਤੇ ਬਿਤਾਏ ਪਲਾਂ ਨੂੰ ਕੀਤਾ ਯਾਦ

Thursday, Dec 04, 2025 - 11:12 AM (IST)

PM ਮੋਦੀ ਨੇ Navy Day ਦੀਆਂ ਦਿੱਤੀਆਂ ਵਧਾਈਆਂ ! INS ਵਿਕ੍ਰਾਂਤ ''ਤੇ ਬਿਤਾਏ ਪਲਾਂ ਨੂੰ ਕੀਤਾ ਯਾਦ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਜਲ ਸੈਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ ਅਤੇ ਕਿਹਾ ਕਿ ਜਲ ਸੈਨਾ ਬੇਮਿਸਾਲ ਹਿੰਮਤ ਅਤੇ ਦ੍ਰਿੜਤਾ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਲ ਸੈਨਾ ਸਾਡੀਆਂ ਸਮੁੰਦਰੀ ਸਰਹੱਦਾਂ ਦੀ ਰਾਖੀ ਕਰਦੀ ਹੈ ਅਤੇ ਸਾਡੇ ਸਮੁੰਦਰੀ ਹਿੱਤਾਂ ਨੂੰ ਬਰਕਰਾਰ ਰੱਖਦੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਹਾਲ ਹੀ ਦੇ ਸਾਲਾਂ ਵਿੱਚ, ਭਾਰਤੀ ਜਲ ਸੈਨਾ ਨੇ ਆਤਮ-ਨਿਰਭਰਤਾ ਅਤੇ ਆਧੁਨਿਕੀਕਰਨ 'ਤੇ ਧਿਆਨ ਕੇਂਦ੍ਰਿਤ ਕੀਤਾ ਹੈ, ਜਿਸ ਨਾਲ ਸਾਡਾ ਡਿਫੈਂਸ ਸਿਸਟਮ ਹੋਰ ਮਜ਼ਬੂਤ ​​ਹੋਇਆ ਹੈ।

ਪ੍ਰਧਾਨ ਮੰਤਰੀ ਨੇ ਪਿਛਲੇ ਸਾਲ INS ਵਿਕ੍ਰਾਂਤ 'ਤੇ ਜਲ ਸੈਨਾ ਦੇ ਜਵਾਨਾਂ ਨਾਲ ਬਿਤਾਏ ਦੀਵਾਲੀ ਦੇ ਪਲਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਉਹ ਪਿਛਲੇ ਸਾਲ (2025) ਦੀ ਦੀਵਾਲੀ ਨੂੰ, ਜੋ ਉਨ੍ਹਾਂ ਨੇ ਭਾਰਤ ਦੇ ਸਵਦੇਸ਼ੀ ਤੌਰ 'ਤੇ ਬਣੇ ਏਅਰਕ੍ਰਾਫਟ ਕੈਰੀਅਰ INS ਵਿਕ੍ਰਾਂਤ 'ਤੇ ਨੇਵੀ ਕਰਮਚਾਰੀਆਂ ਨਾਲ ਮਨਾਈ ਸੀ, ਕਦੇ ਨਹੀਂ ਭੁੱਲ ਸਕਦੇ। ਇਹ ਦੀਵਾਲੀ ਉਨ੍ਹਾਂ ਨੇ ਗੋਆ ਦੇ ਪਣਜੀ ਵਿੱਚ ਜਲ ਸੈਨਾ ਦੇ ਜਵਾਨਾਂ ਨਾਲ ਮਨਾਈ ਸੀ। ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਪਿਛਲੇ 11 ਸਾਲਾਂ ਤੋਂ ਉਹ ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਨਾਲ ਦੀਵਾਲੀ ਮਨਾਉਣ ਦੀ ਸਾਲਾਨਾ ਪਰੰਪਰਾ ਬਰਕਰਾਰ ਰੱਖ ਰਹੇ ਹਨ, ਜਿਨ੍ਹਾਂ ਨੂੰ ਉਹ "ਆਪਣਾ ਪਰਿਵਾਰ" ਮੰਨਦੇ ਹਨ।

ਇਸ ਦੌਰਾਨ, ਬੁੱਧਵਾਰ ਨੂੰ ਜਲ ਸੈਨਾ ਨੇ ਕੇਰਲ ਦੇ ਤਿਰੂਵਨੰਤਪੁਰਮ ਵਿੱਚ ਸ਼ੰਗਮੁਗਮ ਬੀਚ 'ਤੇ ਇੱਕ ਸ਼ਾਨਦਾਰ 'ਆਪਰੇਸ਼ਨਲ ਪ੍ਰਦਰਸ਼ਨ' ਰਾਹੀਂ ਆਪਣੀ ਕਾਰਜਸ਼ੀਲ ਸਮਰੱਥਾ ਅਤੇ ਸਮੁੰਦਰੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ। ਇਸ ਵੱਡੇ ਸਮਾਗਮ 'ਚ ਜਲ ਸੈਨਾ ਦੀਆਂ ਜ਼ਬਰਦਸਤ ਲੜਾਕੂ ਸਮਰੱਥਾਵਾਂ, ਤਕਨੀਕੀ ਉੱਤਮਤਾ ਅਤੇ ਕਾਰਜਸ਼ੀਲ ਤਿਆਰੀਆਂ ਦਾ ਪ੍ਰਦਰਸ਼ਨ ਕੀਤਾ ਗਿਆ, ਜੋ ਦੇਸ਼ ਦੀ ਵਧਦੀ ਸਮੁੰਦਰੀ ਸ਼ਕਤੀ ਅਤੇ ਆਤਮ-ਨਿਰਭਰਤਾ ਨੂੰ ਦਰਸਾਉਂਦਾ ਹੈ।

ਇਸ ਪ੍ਰੋਗਰਾਮ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦਾ ਸਵਾਗਤ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ, ਚੀਫ਼ ਆਫ਼ ਦਿ ਨੇਵਲ ਸਟਾਫ਼ ਦੁਆਰਾ ਕੀਤਾ ਗਿਆ। ਇਸ ਮੌਕੇ ਕੇਰਲ ਦੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਅਤੇ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਸਮੇਤ ਹੋਰ ਕਈ ਉੱਚ ਅਧਿਕਾਰੀ ਅਤੇ ਲੋਕ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਭਾਰਤ ਹਰ ਸਾਲ 4 ਦਸੰਬਰ ਨੂੰ 1971 ਦੇ ਭਾਰਤ-ਪਾਕਿਸਤਾਨ ਯੁੱਧ ਦੌਰਾਨ 'ਆਪ੍ਰੇਸ਼ਨ ਟ੍ਰਾਈਡੈਂਟ' ਵਿੱਚ ਭਾਰਤੀ ਜਲ ਸੈਨਾ ਦੀ ਭੂਮਿਕਾ ਅਤੇ ਪ੍ਰਾਪਤੀਆਂ ਨੂੰ ਯਾਦ ਕਰਦੇ ਹੋਏ ਜਲ ਸੈਨਾ ਦਿਵਸ ਮਨਾਉਂਦਾ ਹੈ।


author

Harpreet SIngh

Content Editor

Related News