ਬੀਮਾਰ ਭੈਣ ਦੀ ਹੋਈ ਮੌਤ ! ਸਦਮੇ ''ਚ 10 ਸਾਲ ਵੱਡੀ ਭੈਣ ਨੇ ਵੀ ਛੱਡੀ ਦੁਨੀਆ
Monday, Nov 23, 2026 - 05:15 PM (IST)
ਨੈਸ਼ਨਲ ਡੈਸਕ- ਛੱਤੀਸਗੜ੍ਹ ਦੇ ਕੋਰਬਾ ਜ਼ਿਲੇ ਦੇ ਹਸਪਤਾਲ ’ਚ ਆਪਣੀ ਢਾਈ ਮਹੀਨਿਆਂ ਦੀ ਭੈਣ ਦੀ ਮੌਤ ਤੋਂ ਬਾਅਦ 10 ਸਾਲਾ ਵੱਡੀ ਭੈਣ ਨੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ। ਇਹ ਘਟਨਾ ਬੰਗੋ ਥਾਣਾ ਖੇਤਰ ਅਧੀਨ ਅਮਾਟਿਕਰਾ ਪਿੰਡ ’ਚ ਵਾਪਰੀ। ਇਕ ਦਿਨ ’ਚ 2 ਭੈਣਾਂ ਦੀ ਮੌਤ ਨਾਲ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ।
ਢਾਈ ਮਹੀਨਿਆਂ ਦੀ ਰਾਣੀ ਪਿਛਲੇ ਕੁਝ ਦਿਨਾਂ ਤੋਂ ਜ਼ੁਕਾਮ, ਖੰਘ ਤੇ ਬੁਖਾਰ ਤੋਂ ਪੀੜਤ ਸੀ। ਉਸ ਦਾ ਇਲਾਜ ਸਥਾਨਕ ਹਸਪਤਾਲ ਤੇ ਪੋਡੀ ਉਪਰਦਾ ਦੇ ਕਮਿਊਨਿਟੀ ਹੈਲਥ ਸੈਂਟਰ ’ਚ ਚੱਲ ਰਿਹਾ ਸੀ। ਜਦੋਂ ਉਸ ਦੀ ਹਾਲਤ ਵਿਗੜ ਗਈ ਤਾਂ ਉਸ ਨੂੰ ਵੀਰਵਾਰ ਰਾਤ ਕੋਰਬਾ ਮੈਡੀਕਲ ਕਾਲਜ ਹਸਪਤਾਲ ਰੈਫਰ ਕਰ ਦਿੱਤਾ ਗਿਆ। ਰਾਣੀ ਦੀ ਸ਼ੁੱਕਰਵਾਰ ਸਵੇਰੇ ਮੌਤ ਹੋ ਗਈ।
ਇਸ ਤੋਂ ਬਾਅਦ ਉਸ ਦੇ ਪਿਤਾ ਸੁਖੀਰਾਮ ਜੋ ਇਕ ਦਿਹਾੜੀਦਾਰ ਮਜ਼ਦੂਰ ਹੈ, ਨੇ ਫੋਨ ਕਰ ਕੇ ਰਾਣੀ ਦੀ ਮੌਤ ਦੀ ਜਾਣਕਾਰੀ ਪਰਿਵਾਰ ਨੂੰ ਦਿੱਤੀ। ਜਦੋਂ ਮਾਪੇ ਮਾਸੂਮ ਰਾਣੀ ਦੀ ਲਾਸ਼ ਲੈ ਕੇ ਪਿੰਡ ਆਏ ਤਾਂ ਉਨ੍ਹਾਂ ਆਪਣੀ 10 ਸਾਲਾ ਬੇਟੀ ਰੂਪਕੁੰਵਰ ਦੀ ਲਾਸ਼ ਘਰ ਦੇ ਇਕ ਕਮਰੇ ’ਚ ਫਾਹੇ ਨਾਲ ਲਟਕਦੀ ਵੇਖੀ। ਸਮਝਿਆਾ ਜਾਂਦਾ ਹੈ ਕਿ ਰੂਪਕੁੰਵਰ ਆਪਣੀ ਮਾਸੂਮ ਭੈਣ ਦੀ ਮੌਤ ਦਾ ਸਦਮਾ ਬਰਦਾਸ਼ਤ ਨਹੀਂ ਕਰ ਸਕੀ।
