ਜਾਣੋ ਕੌਣ ਨੇ 'ਸਰ ਛੋਟੂ ਰਾਮ', ਜਿਨ੍ਹਾਂ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਕਿਸਾਨ ਅੱਜ ਦਿਖਾਉਣਗੇ ਇੱਕਜੁਟਤਾ
Tuesday, Feb 16, 2021 - 04:21 PM (IST)
ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨਾਂ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।ਇਸ ਦਾ ਵੱਡਾ ਕਾਰਨ ਲਾਲ ਕਿਲ੍ਹੇ ਵਾਲੀ ਘਟਨਾ ਨੂੰ ਛੱਡ ਕੇ ਇਹ ਮੁਜ਼ਾਹਰੇ ਸ਼ਾਂਤਮਈ ਤਰੀਕੇ ਨਾਲ ਆਪਣੀ ਆਵਾਜ਼ ਨੂੰ ਆਵਾਮ ਤੱਕ ਪਹੁੰਚਾਉਣ ਵਿੱਚ ਕਾਮਯਾਬ ਹੋ ਰਹੇ ਹਨ।ਕਿਸਾਨ ਆਗੂ ਕੇਂਦਰ ਸਰਕਾਰ ਤੇ ਦਬਾਅ ਪਾਉਣ ਲਈ ਲਗਾਤਾਰ ਨਵੇਂ-ਨਵੇਂ ਤਰੀਕੇ ਲੱਭ ਰਹੇ ਹਨ।ਇਸੇ ਲੜੀ ਅਧੀਨ ਕਿਸਾਨ ਆਗੂ ਸਰ ਛੋਟੂ ਰਾਮ ਦੇ ਜਨਮ ਦਿਹਾੜੇ ਮੌਕੇ ਦੇਸ਼ ਭਰ ਵਿੱਚ ਇੱਕਜੁੱਟਤਾ ਵਿਖਾਉਣਗੇ।ਸੋ ਇਸ ਮੌਕੇ ਸਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਸਰ ਛੋਟੂ ਰਾਮ ਕੌਣ ਸਨ ਅਤੇ ਕਿਸਾਨ ਆਗੂ ਉਨ੍ਹਾਂ ਨੂੰ ਕਿਉਂ ਯਾਦ ਕਰ ਰਹੇ ਹਨ?
ਜਨਮ ਅਤੇ ਮਾਤਾ ਪਿਤਾ
ਸਰ ਛੋਟੂ ਰਾਮ ਦਾ ਜਨਮ 24 ਨਵੰਬਰ,1881 ਨੂੰ ਜ਼ਿਲ੍ਹਾ ਰੋਹਤਕ ਵਿਚ ਸਾਂਪਲਾ ਨਾਮ ਦੇ ਪਿੰਡ ਵਿਖੇ ਚੌਧਰੀ ਸੁਖੀ ਰਾਮ ਜਾਟ ਦੇ ਘਰ ਹੋਇਆ। ਸਰ ਛੋਟੂ ਰਾਮ ਦਾ ਅਸਲੀ ਨਾਂ ਰਾਮ ਰਿਛਪਾਲ ਸੀ ਪਰ ਆਪਣੇ ਭਰਾਵਾਂ ਵਿਚੋਂ ਸਭ ਤੋਂ ਛੋਟਾ ਹੋਣ ਕਾਰਨ ਆਪ ਦੇ ਨਾਂ ਨਾਲ 'ਛੋਟੂ' ਸ਼ਬਦ ਜੁੜ ਗਿਆ ਅਤੇ ਮਗਰੋਂ ਇਹ ਨਾਮ ਪ੍ਰਸਿੱਧ ਹੋ ਗਿਆ।ਸਕੂਲ ਵਿਚ ਵੀ ਇਹੀਓ ਨਾਂ ਲਿਖਿਆ ਗਿਆ ਸੀ ਇਸੇ ਕਰਕੇ ਆਪ ਨੂੰ ਸਾਰੀ ਉਮਰ ਸਰ ਛੋਟੂ ਰਾਮ ਨਾਂ ਨਾਲ ਹੀ ਜਾਣਿਆ ਗਿਆ।ਕਿਸਾਨਾਂ ਲਈ ਕੀਤੇ ਅਨੇਕਾਂ ਕਾਰਜਾਂ ਨੂੰ ਮੁੱਖ ਰੱਖਦਿਆਂ ਲੋਕ ਹਰ ਸਾਲ ਬਸੰਤ ਪੰਚਮੀ ਮੌਕੇ ਆਪ ਨੂੰ ਯਾਦ ਕਰਦੇ ਹਨ। ਇਸ ਕਰਕੇ ਬਸੰਤ ਪੰਚਮੀ ਦੇ ਦਿਨ ਹੀ ਆਪ ਦਾ ਜਨਮ ਦਿਹਾੜਾ ਮਨਾਇਆ ਜਾਣ ਲੱਗਾ।
ਪੜ੍ਹਾਈ ਅਤੇ ਨੌਕਰੀ
ਆਪ ਨੇ ਸੇਂਟ ਸਟੀਫ਼ਨ ਕਾਲਜ, ਦਿੱਲੀ ਤੋਂ ਬੀ. ਏ. ਪਾਸ ਕੀਤੀ। ਮਗਰੋਂ ਕਲਾਕੰਕਰ ਰਿਆਸਤ ਦੇ ਰਾਜਾ ਰਾਮ ਪਾਲ ਦੇ ਨਿੱਜੀ ਸਹਾਇਕ ਵਜੋਂ ਸੇਵਾਵਾਂ ਦਿੱਤੀਆਂ। ਇਸ ਤੋਂ ਪਿੱਛੋਂ ਕਾਨੂੰਨ ਕਾਲਜ, ਲਾਹੌਰ ਵਿਚ ਪੜ੍ਹਾਈ ਦੇ ਨਾਲ-ਨਾਲ ਸਕੂਲ ਵਿਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਸੰਨ 1911 ਵਿਚ ਕਾਨੂੰਨ ਦੀ ਡਿਗਰੀ ਪ੍ਰਾਪਤ ਕਰਨ ਮਗਰੋਂ ਪਹਿਲਾਂ ਆਗਰਾ ਅਤੇ ਫਿਰ ਰੋਹਤਕ ਵਿਖੇ ਵਕਾਲਤ ਕੀਤੀ। ਇਸ ਸਮੇਂ ਸਰ ਛੋਟੂ ਰਾਮ ਦਾ ਨਾਂ ਰੋਹਤਕ ਦੇ ਮੰਨੇ-ਪ੍ਰਮੰਨੇ ਵਕੀਲਾਂ ਵਿਚ ਗਿਣਿਆ ਜਾਣ ਲੱਗਾ।
ਕਾਂਗਰਸ ਨਾਲ ਨਾਤਾ
ਸਰ ਛੋਟੂ ਰਾਮ ਦੱਬੇ ਕੁਚਲੇ ਅਤੇ ਲੁੱਟ ਦੇ ਸ਼ਿਕਾਰ ਲੋਕਾਂ ਅਤੇ ਖ਼ਾਸ ਕਰਕੇ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਮਹਾਨ ਨੇਤਾ ਸਨ। ਉਰਦੂ ਵਿਚ ‘ਜਾਟ ਗਜ਼ਟ’ ਨਾਂ ਦਾ ਅਖ਼ਬਾਰ ਜਾਰੀ ਕਰਕੇ ਪੇਂਡੂ ਲੋਕਾਂ ਵਿੱਚ ਜਾਗਰਤੀ ਲਿਆਂਦੀ। ਉਨ੍ਹਾਂ ਦੀਆਂ ਹੱਕੀ ਮੰਗਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਣ ਦਾ ਯਤਨ ਕੀਤਾ।ਆਪ ਜ਼ਿਲ੍ਹਾ ਕਾਂਗਰਸ ਕਮੇਟੀ, ਰੋਹਤਕ ਦੇ ਪ੍ਰੈਜ਼ੀਡੈਂਟ ਬਣੇ। 1919 ਨੂੰ ਮਹਾਤਮਾ ਗਾਂਧੀ ਵੱਲੋਂ ਚਲਾਏ ਸਤਿਆਗ੍ਰਹਿ ਅੰਦੋਲਨ ਵਿਚ ਸ਼ਾਮਲ ਹੋਏ ਪਰ 1920 ਵਿੱਚ ਜਦੋਂ ਇਹ ਅੰਦੋਲਨ ਵਾਪਸ ਲਿਆ ਤਾਂ ਆਪ ਮਹਾਤਮਾ ਗਾਂਧੀ ਤੋਂ ਨਾਰਾਜ਼ ਹੋ ਕੇ ਕਾਂਗਰਸ ਤੋਂ ਵੱਖ ਹੋ ਗਏ।
ਯੂਨੀਅਨਿਸਟ ਪਾਰਟੀ
ਸਰ ਛੋਟੂ ਰਾਮ ਦਾ ਸੰਪਰਕ ਸਿਕੰਦਰ ਹਯਾਤ ਖ਼ਾਨ ਤੇ ਫੈ਼ਸਲ-ਏ-ਹੁਸੈਨ ਖਾਂ ਨਾਲ ਹੋਇਆ। ਇਸ ਤਰ੍ਹਾਂ ਇਕ ਸ਼ਕਤੀਸ਼ਾਲੀ ਤਿੱਕੜੀ ਹੋਂਦ ਵਿਚ ਆ ਗਈ। ਤਿੰਨਾਂ ਨੇ ਮਿਲ ਕੇ ਯੂਨੀਅਨਿਸਟ ਪਾਰਟੀ ਬਣਾਈ। ਸਰ ਛੋਟੂ ਰਾਮ 1923 ਈ. ਵਿਚ ਸਥਾਪਿਤ ਹੋਈ ਯੂਨੀਅਨਿਸਟ ਪਾਰਟੀ ਦੇ ਬਾਨੀਆਂ ਵਿਚੋਂ ਇਕ ਸਨ। ਉਹਨਾਂ ਹਿੰਦੂ ਜੱਟਾਂ, ਮੁਸਲਮਾਨਾਂ ਤੇ ਸਿੱਖਾਂ ਨੂੰ ਰਲ਼ਾ ਕੇ ਯੂਨੀਅਨਿਸਟ ਪਾਰਟੀ ਦਾ ਮੁੱਢ ਰੱਖਿਆ। ਇਸ ਪਾਰਟੀ ਨੇ ਪੰਜਾਬ ਦੀ ਸਿਆਸਤ ਵਿਚ ਮਹੱਤਵਪੂਰਨ ਰੋਲ ਨਿਭਾਇਆ। ਲਗਭਗ ਪੰਦਰਾਂ ਸਾਲ ਪੰਜਾਬ ਵਿਧਾਨ ਸਭਾ ਦੇ ਮੈਂਬਰ ਅਤੇ 1926-31 ਵਿਚ ਵਿਧਾਨ ਸਭਾ ਵਿਚ ਯੂਨੀਅਨਿਸਟ ਪਾਰਟੀ ਦੇ ਲੀਡਰ ਰਹੇ। ਸੰਨ 1936 ਵਿਚ ਵਿਧਾਨ ਸਭਾ ਦੇ ਪ੍ਰੈਜ਼ੀਡੈਂਟ ਚੁਣੇ ਗਏ।ਸਰ ਛੋਟੂ ਰਾਮ ਨੂੰ ਖੇਤੀਬਾੜੀ, ਸਿੱਖਿਆ ਤੇ ਉਦਯੋਗ ਦੇ ਮਹਿਕਮਿਆਂ ਦਾ ਮੰਤਰੀ ਵੀ ਥਾਪਿਆ ਗਿਆ।ਇਹ ਜ਼ਿੰਮੇਵਾਰੀ ਆਪ ਨੇ ਪੂਰੀ ਇਮਾਨਦਾਰੀ ਨਾਲ ਨਿਭਾਈ। ਗੋਰੇ ਹਾਕਮਾਂ ਤੋਂ 1930-1942 ਦੇ ਤੇਰਾਂ ਸਾਲਾਂ ਵਿਚ ਕਿਸਾਨ ਭਲਾਈ ਦੇ ਬਾਈ ਐਕਟ ਤੇ ਬਿੱਲ ਪਾਸ ਕਰਵਾਉਣ ਦਾ ਸਿਹਰਾ ਸਰ ਛੋਟੂ ਰਾਮ ਦੇ ਸਿਰ ਬੱਝਦਾ ਹੈ।
ਇਹ ਵੀ ਪੜ੍ਹੋ:ਜਾਣੋ ਕੀ ਹੈ ਸਵਾਮੀਨਾਥਨ ਰਿਪੋਰਟ, ਕਿਸਾਨ ਕਿਉਂ ਕਰ ਰਹੇ ਨੇ ਕਮਿਸ਼ਨ ਦੀਆਂ ਤਜਵੀਜ਼ਾਂ ਲਾਗੂ ਕਰਨ ਦੀ ਮੰਗ
ਪੇਂਡੂ ਵਿਕਾਸ ਲਈ ਯੋਗਦਾਨ
ਆਪ ਨੇ ਪੇਂਡੂ ਵਿਕਾਸ ਲਈ ਨਵੇਂ ਪ੍ਰਾਇਮਰੀ ਅਤੇ ਮਿਡਲ ਸਕੂਲ ਖੋਲ੍ਹਣ, ਪ੍ਰਾਇਮਰੀ ਸਿਹਤ ਕੇਂਦਰ ਸਥਾਪਤ ਕਰਨ, ਪਸ਼ੂ ਹਸਪਤਾਲ ਖੋਲ੍ਹਣ, ਲਘੂ ਉਦਯੋਗਾਂ ਨੂੰ ਉਤਸ਼ਾਹ ਦੇਣ, ਕਰਜ਼ੇ ਦੇ ਕੇਸ ਨਿਪਟਾਉਣ ਆਦਿ ਦਾ ਛੇ-ਸਾਲਾ ਪ੍ਰੋਗਰਾਮ ਉਲੀਕ ਕੇ ਵਿਕਾਸ ਕੰਮ ਹੋਰ ਤੇਜ਼ ਕਰ ਦਿੱਤੇ।
ਕਿਸਾਨ ਭਲਾਈ ਫੰਡ ਸਥਾਪਤ ਕਰਨਾ
ਸਰ ਛੋਟੂ ਰਾਮ ਨੇ ਇਕ ਕਿਸਾਨ ਭਲਾਈ ਫੰਡ ਸਥਾਪਤ ਕੀਤਾ ਸੀ, ਜਿਸ ਰਾਹੀਂ ਗ਼ਰੀਬ ਪਰ ਲਾਇਕ ਵਿਦਿਆਰਥੀਆਂ ਨੂੰ ਵਜ਼ੀਫ਼ੇ ਦਿੱਤੇ ਜਾਂਦੇ ਸਨ। 1995 ਵਿਚ ਸਰ ਛੋਟੂ ਰਾਮ ਦੇ 50ਵੇਂ ਵਰ੍ਹੀਣੇ ’ਤੇ ਪਾਕਿਸਤਾਨ ਦੇ ਨੋਬੇਲ ਇਨਾਮ ਜੇਤੂ ਅਬਦੁਸ ਹਮੀਦ ਨੇ ਆਪਣੇ ਸ਼ਰਧਾਂਜਲੀ ਸੰਦੇਸ਼ ਵਿਚ ਲਿਖਿਆ ਸੀ ਕਿ ਜੇ ਕਿਸਾਨ ਭਲਾਈ ਫੰਡ ਵਿਚੋਂ ਉਸ ਨੂੰ ਵਿਦੇਸ਼ ਜਾ ਕੇ ਪੜ੍ਹਨ ਦਾ ਮੌਕਾ ਨਾ ਮਿਲਦਾ ਤਾਂ ਉਸ ਦੀ ਕਾਬਲੀਅਤ ਗ਼ਰੀਬੀ ਥੱਲੇ ਹੀ ਦੱਬੀ ਰਹਿ ਜਾਣੀ ਸੀ। ਕਿਸਾਨ ਭਲਾਈ ਫੰਡ ਰਾਹੀਂ ਕਿਸਾਨ ਭਲਾਈ ਦੇ ਕਈ ਕੰਮ ਹੋਏ; ਜਿਵੇਂ- ਸੋਕੇ, ਕਾਲ਼, ਟਿੱਡੀ ਦਲ ਅਤੇ ਹੜ੍ਹਾਂ ਕਾਰਨ ਹੋਏ ਨੁਕਸਾਨ ਸਮੇਂ ਮਦਦ ਕਰਨਾ; ਘੱਟ ਵਿਆਜ ਤੇ ਕਰਜ਼ੇ ਦੇਣਾ; ਸਹਿਕਾਰੀ ਮੰਡੀਕਰਨ ਰਾਹੀਂ ਕਿਸਾਨਾਂ ਨੂੰ ਫ਼ਸਲ ਦਾ ਉਚਿਤ ਮੁੱਲ ਅਤੇ ਸਸਤੇ ਖੇਤੀ ਸੰਦ ਦਿਵਾਉਣਾ; ਹੁਸ਼ਿਆਰ ਪਰ ਗ਼ਰੀਬ ਵਿਦਿਆਰਥੀਆਂ ਨੂੰ ਦੇਸ਼ ਅਤੇ ਵਿਦੇਸ਼ ਵਿਚ ਪੜ੍ਹਾਈ ਕਰਨ ਲਈ ਵਜ਼ੀਫ਼ੇ ਦੇਣਾ ਆਦਿ।
ਸ਼ਾਹੂਕਾਰ ਪੰਜੀਕਰਨ ਐਕਟ - 1938
ਇਹ ਐਕਟ 1938 ਨੂੰ ਲਾਗੂ ਹੋਇਆ ਸੀ। ਇਸਦੇ ਅਨੁਸਾਰ ਕੋਈ ਵੀ ਸ਼ਾਹੂਕਾਰ ਬਿਨਾਂ ਪੰਜੀਕਰਨ ਦੇ ਕਿਸੇ ਨੂੰ ਕਰਜ ਨਹੀਂ ਦੇ ਪਾਵੇਗਾ ਅਤੇ ਨਾ ਹੀ ਕਿਸਾਨਾਂ ਉੱਤੇ ਅਦਾਲਤ ਵਿੱਚ ਮੁਕੱਦਮਾ ਕਰ ਸਕੇਗਾ।
ਇਹ ਵੀ ਪੜ੍ਹੋ: ਕੀ ਤੁਸੀਂ ਅਜੇ ਵੀ ਨਹੀਂ ਜਾਣਦੇ ਕੀ ਨੇ ਖੇਤੀਬਾੜੀ ਕਾਨੂੰਨ ਤੇ ਕਿਉਂ ਹੋ ਰਿਹੈ ਵਿਰੋਧ ਤਾਂ ਪੜ੍ਹੋ ਇਹ ਖ਼ਾਸ ਰਿਪੋਰਟ
ਗਿਰਵੀ ਜ਼ਮੀਨਾਂ ਦੀ ਮੁਫ਼ਤ ਵਾਪਸੀ ਐਕਟ - 1938
ਇਹ ਐਕਟ 1938 ਨੂੰ ਲਾਗੂ ਹੋਇਆ। ਇਸਦੇ ਅਨੁਸਾਰ ਜੋ ਜ਼ਮੀਨਾਂ 8 ਜੂਨ 1901 ਦੇ ਬਾਅਦ ਕੁਰਕੀ ਦੁਆਰਾ ਵੇਚੀਆਂ ਹੋਈਆਂ ਸਨ ਅਤੇ 37 ਸਾਲਾਂ ਤੋਂ ਗਿਰਵੀ ਚੱਲੀਆਂ ਆ ਰਹੀਆਂ ਸਨ, ਉਹ ਸਾਰੀਆਂ ਜ਼ਮੀਨਾਂ ਕਿਸਾਨਾਂ ਨੂੰ ਵਾਪਸ ਦਿਲਵਾਈਆਂ ਗਈਆਂ।
ਕਰਜ਼ ਮਾਫ਼ੀ ਐਕਟ 1934
ਇਸ ਐਕਟ ਤਹਿਤ ਜੇਕਰ ਕਰਜ਼ ਦੇ ਪੈਸਿਆਂ ਤੋਂ ਦੋ ਗੁਣਾ ਪੈਸਾ ਵਾਪਸ ਕਰ ਦਿੱਤਾ ਹੈ ਤਾਂ ਸਾਰਾ ਕਰਜ਼ ਮੁਆਫ਼ ਹੋ ਜਾਂਦਾ ਸੀ।
ਖੇਤੀ ਉਤਪਾਦ ਮੰਡੀ ਐਕਟ 1938
ਸਰ ਛੋਟੂ ਰਾਮ ਨੇ ਮਾਰਕੀਟ ਕਮੇਟੀਆਂ ਦਾ ਨਿਰਮਾਣ ਕਰਵਾਇਆ ਜਿਸ ਕਾਰਨ ਕਿਸਾਨਾਂ ਨੂੰ ਫ਼ਸਲਾਂ ਦਾ ਵਧੀਆ ਭਾਅ ਮਿਲਿਆ। ਇਸ ਕਾਨੂੰਨ ਨਾਲ ਕਿਸਾਨਾ ਨੂੰ ਆੜ੍ਹਤੀਆਂ ਦੇ ਸ਼ੋਸ਼ਣ ਤੋਂ ਵੀ ਛੁਟਕਾਰਾ ਮਿਲਿਆ।
ਜਨਵਰੀ 9, 1945 ਵਿਚ ਆਪ ਦੀ ਮੌਤ ਹੋ ਗਈ। ਸਰ ਛੋਟੂ ਰਾਮ ਜੀਵਨਭਰ ਇਕ ਧਰਮ-ਨਿਰਪੱਖ ਵਿਅਕਤੀ ਰਹੇ। ਇਕ ਕਿਸਾਨ ਦੇ ਜੀਵਨ ਵਿਚ ਦਿਲਚਸਪੀ ਰੱਖਣ ਤੋਂ ਇਲਾਵਾ ਆਪ ਨੇ ਮੁੱਖ ਤੌਰ 'ਤੇ ਨਿੱਜੀ ਉੱਦਮ ਦੇ ਹੱਥਾਂ ਵਿਚੋਂ ਦੀ ਵੱਡੇ ਪੈਮਾਨੇ ਤੇ ਉਦਯੋਗੀਕਰਨ ਲਿਆਉਣ ਦਾ ਵੀ ਸਮਰਥਨ ਕੀਤਾ। ਘਰੇਲੂ ਉਦਯੋਗਾਂ ਨੂੰ ਉਤਸ਼ਾਹਿਤ ਕੀਤਾ। ਸਰ ਛੋਟੂ ਰਾਮ ਭਾਰਤ ਦਾ ਬਟਵਾਰਾ ਕਰਨ ਦੀ ਮੰਗ ਦੇ ਵਿਰੋਧੀ ਸਨ।
ਹਰਨੇਕ ਸਿੰਘ ਸੀਚੇਵਾਲ
ਫ਼ੋਨ-94173-33397
ਨੋਟ: ਸਰ ਛੋਟੂ ਰਾਮ ਦੇ ਕਿਸਾਨਾਂ ਲਈ ਚੁੱਕੇ ਕਦਮਾਂ ਸਬੰਧੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ?