ਮਣੀਪੁਰ ''ਚ ਹਿੰਸਾ; ਸਿੱਕਮ ਸਰਕਾਰ ਨੇ ਆਪਣੇ 128 ਵਿਦਿਆਰਥੀਆਂ ਦੀ ਕਰਵਾਈ ਵਾਪਸੀ
Sunday, May 07, 2023 - 04:30 PM (IST)
ਗੰਗਟੋਕ- ਹਿੰਸਾ ਪ੍ਰਭਾਵਿਤ ਮਣੀਪੁਰ ਵਿਚ ਰਹਿ ਰਹੇ ਸਿੱਕਮ ਦੇ 128 ਵਿਦਿਆਰਥੀਆਂ ਨੂੰ ਐਤਵਾਰ ਨੂੰ ਵਾਪਸ ਉਨ੍ਹਾਂ ਦੇ ਗ੍ਰਹਿ ਸੂਬੇ ਲਿਆਂਦਾ ਜਾ ਰਿਹਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਮਣੀਪੁਰ 'ਚ ਫਸੇ ਵਿਦਿਆਰਥੀਆਂ ਨੂੰ ਸੂਬਾ ਸਰਕਾਰ ਪਹਿਲਾਂ ਜਹਾਜ਼ ਰਾਹੀਂ ਇੰਫਾਲ ਤੋਂ ਕੋਲਕਾਤਾ ਲੈ ਕੇ ਆਈ। ਇਸ ਤੋਂ ਬਾਅਦ ਕੋਲਕਾਤਾ ਤੋਂ ਇਹ ਲੋਕ ਬੱਸਾਂ ਰਾਹੀਂ ਸਿਲੀਗੁੜੀ ਪਹੁੰਚੇ।
ਅਧਿਕਾਰੀਆਂ ਮੁਤਾਬਕ ਸਿਲੀਗੁੜੀ ਤੋਂ ਸਾਰੇ ਵਿਦਿਆਰਥੀ ਸਰਕਾਰੀ ਬੱਸਾਂ ਜ਼ਰੀਏ ਸੂਬਾਈ ਰਾਜਧਾਨੀ ਗੰਗਟੋਕ ਪਹੁੰਚਣਗੇ। ਅਧਿਕਾਰੀਆਂ ਨੇ ਦੱਸਿਆ ਕਿ ਮਣੀਪੁਰ ਦੇ ਸਦਰ ਇਲਾਕੇ ਵਿਚ ਤਾਇਨਾਤ ਸਿੱਕਮ ਦੇ ਇਕ ਡਾਕਟਰ ਨੂੰ ਵੀ ਸੁਰੱਖਿਅਤ ਵਾਪਸ ਲਿਆਂਦਾ ਗਿਆ ਹੈ। ਵਿਦਿਆਰਥੀਆਂ ਨੂੰ ਵਾਪਸ ਲਿਆਉਣ ਨਾਲ ਜੁੜੇ 'ਆਪ੍ਰੇਸ਼ਨ ਗੁਰਾਨ' ਦੀ ਅਗਵਾਈ ਮੁੱਖ ਸਕੱਤਰ ਵੀ. ਬੀ. ਪਾਠਕ ਨੇ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਲਗਾਤਾਰ ਹਾਲਾਤ 'ਤੇ ਨਜ਼ਰ ਰੱਖ ਰਹੇ ਹਨ। ਉਹ ਵਿਦਿਆਰਥੀਆਂ ਦੀ ਸੁਰੱਖਿਆ ਦਾ ਲਗਾਤਾਰ ਜਾਇਜ਼ਾ ਲੈ ਰਹੇ ਹਨ।
ਦੱਸਣਯੋਗ ਹੈ ਕਿ ਮਣੀਪੁਰ 'ਚ ਬਹੁ ਗਿਣਤੀ ਮੇਇਤੀ ਭਾਈਚਾਰੇ ਵਲੋਂ ਉਸ ਨੂੰ ਅਨੁਸੂਚਿਤ ਜਨਜਾਤੀ (ਐੱਸ.ਟੀ.) ਦਾ ਦਰਜਾ ਦਿੱਤੇ ਜਾਣ ਦੀ ਮੰਗ ਦੇ ਵਿਰੋਧ 'ਚ 'ਆਲ ਟ੍ਰਾਈਬਲ ਸਟੂਡੈਂਟ ਯੂਨੀਅਨ ਮਣੀਪੁਰ' (ਏ.ਟੀ.ਐੱਸ.ਯੂ.ਐੱਮ.) ਵਲੋਂ ਬੁੱਧਵਾਰ ਨੂੰ ਆਯੋਜਿਤ 'ਆਦਿਵਾਸੀ ਇਕਜੁਟਤਾ ਮਾਰਚ' ਦੌਰਾਨ ਚੁਰਾਚਾਂਦਪੁਰ ਜ਼ਿਲ੍ਹੇ ਦੇ ਤੋਰਬੰਗ ਖੇਤਰ 'ਚ ਹਿੰਸਾ ਭੜਕ ਗਈ ਸੀ। ਹੁਣ ਤੱਕ ਮਣੀਪੁਰ 'ਚ 54 ਲੋਕਾਂ ਦੀ ਮੌਤ ਹੋ ਗਈ ਹੈ ਅਤੇ 23,000 ਲੋਕਾਂ ਨੂੰ ਉੱਥੋਂ ਕੱਢਿਆ ਜਾ ਚੁੱਕਾ ਹੈ।