ਮੱਧ ਪ੍ਰਦੇਸ਼ ’ਚ ਮੰਦਭਾਗੀ ਘਟਨਾ, ਸਿੱਖ ਵਿਦਿਆਰਥੀ ਦੀ ਪ੍ਰੀਖਿਆ ਦੌਰਾਨ ਲੁਹਾਈ ਦਸਤਾਰ

Tuesday, Mar 03, 2020 - 08:35 PM (IST)

ਮੱਧ ਪ੍ਰਦੇਸ਼ ’ਚ ਮੰਦਭਾਗੀ ਘਟਨਾ, ਸਿੱਖ ਵਿਦਿਆਰਥੀ ਦੀ ਪ੍ਰੀਖਿਆ ਦੌਰਾਨ ਲੁਹਾਈ ਦਸਤਾਰ

ਧਾਰ — ਮੱਧ ਪ੍ਰਦੇਸ਼ ਦੇ ਧਾਰ ਜ਼ਿਲੇ ਵਿਚ ਧਾਮਨੋਦ ਨਾਮੀ ਕਸਬੇ ਵਿਚ 12ਵੀਂ ਜਮਾਤ ਦੇ ਇਕ ਸਿੱਖ ਵਿਦਿਆਰਥੀ ਨੂੰ ਸਕੂਲ ਦੀ ਪ੍ਰੀਖਿਆ ਦੌਰਾਨ ਕਥਿਤ ਤੌਰ ’ਤੇ ਜਾਂਚ ਲਈ ਪੱਗੜੀ ਉਤਾਰਨ ਲਈ ਮਜਬੂਰ ਕੀਤਾ ਗਿਆ। ਵਿਦਿਆਰਥੀ ਵਲੋਂ ਇਸ ਸਬੰਧੀ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਕੀਤੇ ਜਾਣ ਪਿੱਛੋਂ ਪੱਗੜੀ ਲੁਹਾਉਣ ਵਾਲੀ ਅਧਿਆਪਕਾ ਨੂੰ ਪ੍ਰੀਖਿਆ ਡਿਊਟੀ ਤੋਂ ਹਟਾ ਦਿੱਤਾ ਗਿਆ।

ਘਟਨਾ ਜ਼ਿਲਾ ਹੈੱਡਕੁਆਰਟਰ ਤੋਂ ਲਗਭਗ 55 ਕਿਲੋਮੀਟਰ ਦੂਰ ਸਰਕਾਰੀ ਕੰਨਿਆ ਵਿਦਿਆਲਾ ਵਿਚ ਇਕ ਦਿਨ ਪਹਿਲਾਂ ਵਾਪਰੀ। ਹਰਪਾਲ ਸਿੰਘ ਪ੍ਰੀਖਿਆ ਦੇਣ ਲਈ ਆਇਆ ਸੀ। ਇਸ ਦੌਰਾਨ ਇਕ ਮਹਿਲਾ ਅਧਿਆਪਕਾ ਨੇ ਉਸ ਨੂੰ ਆਪਣੀ ਪੱਗੜੀ ਉਤਾਰਨ ਲਈ ਕਿਹਾ। ਹਰਪਾਲ ਨੇ ਇਸ ਤੋਂ ਇਨਕਾਰ ਕੀਤਾ ਅਤੇ ਪ੍ਰੀਖਿਆ ਕੇਂਦਰ ਦੇ ਇੰਚਾਰਜ ਨਾਲ ਸੰਪਰਕ ਕੀਤਾ । ਇੰਚਾਰਜ ਨੇ ਵੀ ਉਸ ਨੂੰ ਕਿਹਾ ਕਿ ਪ੍ਰੀਖਿਆ ਦੇ ਨਿਯਮਾਂ ਦੀ ਤਾਂ ਪਾਲਣਾ ਕਰਨੀ ਹੀ ਪਏਗੀ। ਹਰਪਾਲ ਨੇ ਦੋਸ਼ ਲਾਇਆ ਕਿ ਵਿਰੋਧਤਾ ਦੇ ਬਾਵਜੂਦ ਉਸ ਦੀ ਪੱਗੜੀ ਉਤਾਰ ਕੇ ਜਾਂਚ ਕੀਤੀ ਗਈ ਅਤੇ ਫਿਰ ਪ੍ਰੀਖਿਆ ਵਿਚ ਬੈਠਣ ਦਿੱਤਾ ਗਿਆ।

ਆਦਿਮ ਜਾਤੀ ਕਲਿਆਣ ਵਿਭਾਗ ਦੇ ਡਿਪਟੀ ਕਮਿਸ਼ਨਰ ਬ੍ਰਿਜੇਸ਼ ਪਾਂਡੇ ਨੇ ਦੱਸਿਆ ਕਿ ਸਰਕਾਰ ਦੇ ਧਿਆਨ ਵਿਚ ਜਿਵੇਂ ਹੀ ਸਾਰਾ ਮਾਮਲਾ ਆਇਆ, ਸਬੰਧਤ ਅਧਿਆਪਕਾ ਮਮਤਾ ਚੌਰੱਸੀਆ ਨੂੰ ਪ੍ਰੀਖਿਆ ਡਿਊਟੀ ਤੋਂ ਹਟਾ ਦਿੱਤਾ ਿਗਆ। ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਅਜਿਹੀ ਘਟਨਾ ਨਹੀਂ ਵਾਪਰਨ ਦਿੱਤੀ ਜਾਏਗੀ।


author

Inder Prajapati

Content Editor

Related News