ਸਿੱਖਾਂ ਨੂੰ ਮੁਆਵਜ਼ੇ ਦੇ ਪ੍ਰਸਤਾਵ ''ਤੇ ਮੇਘਾਲਿਆ ਸਰਕਾਰ ਨਾਖੁਸ਼

Monday, Dec 17, 2018 - 11:46 AM (IST)

ਸਿੱਖਾਂ ਨੂੰ ਮੁਆਵਜ਼ੇ ਦੇ ਪ੍ਰਸਤਾਵ ''ਤੇ ਮੇਘਾਲਿਆ ਸਰਕਾਰ ਨਾਖੁਸ਼

ਸ਼ਿਲਾਂਗ— ਮੇਘਾਲਿਆ ਨੇ ਪੰਜਾਬ ਸਰਕਾਰ ਦੇ ਉਸ ਪ੍ਰਸਤਾਵ 'ਤੇ ਨਾਖੁਸ਼ੀ ਜ਼ਾਹਰ ਕੀਤੀ ਹੈ, ਜਿਸ 'ਚ ਰਾਜ 'ਚ ਰਹਿਣ ਵਾਲੇ ਸਿੱਖਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਕਹੀ ਗਈ ਹੈ। ਜ਼ਿਕਰਯੋਗ ਹੈ ਕਿ ਮੇਘਾਲਿਆ 'ਚ ਜੂਨ 'ਚ ਹੋਏ ਦੰਗਿਆਂ 'ਚ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਨ੍ਹਾਂ ਨੂੰ ਰਾਹਤ ਪਹੁੰਚਾਉਣ ਦੇ ਮਕਸਦ ਨਾਲ ਇਸ ਹਫਤੇ ਦੀ ਸ਼ੁਰੂਆਤ 'ਚ ਪੰਜਾਬ ਕੈਬਨਿਟ ਨੇ 60 ਲੱਖ ਦਾ ਮੁਆਵਜ਼ਾ ਦੇਣ ਦਾ ਪ੍ਰਸਤਾਵ ਪਾਸ ਕੀਤਾ ਸੀ। ਮੇਘਾਲਿਆ 'ਚ ਸ਼ਹਿਰੀ ਮਾਮਲਿਆਂ ਦੇ ਮੰਤਰੀ ਹੈਮਲਸਟਨ ਦੋਹਲਿੰਗ ਨੇ ਪੰਜਾਬ ਸਰਕਾਰ ਤੋਂ ਸਿੱਖ ਭਾਈਚਾਰੇ ਨੂੰ 60 ਲੱਖ ਮੁਆਵਜ਼ਾ ਦੇਣ ਦੇ ਫੈਸਲੇ 'ਤੇ ਦੁਬਾਰਾ ਵਿਚਾਰ ਕਰਨ ਨੂੰ ਕਿਹਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਫੈਸਲਾ ਅੱਗ 'ਚ ਘਿਓ ਦਾ ਕੰਮ ਕਰੇਗਾ। ਉਨ੍ਹਾਂ ਨੇ ਕਿਹਾ ਕਿ ਜਲਦ ਹੀ ਇਸ ਮੁੱਦੇ 'ਤੇ ਮੇਘਾਲਿਆ ਦੇ ਮੁੱਖ ਮੰਤਰੀ ਕੋਨਾਰਡ ਸੰਗਮਾ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲ ਕਰਨਗੇ।

ਜ਼ਿਕਰਯੋਗ ਹੈ ਕਿ ਹਫਤੇ ਦੀ ਸ਼ੁਰੂਆਤ 'ਚ ਪੰਜਾਬ ਕੈਬਨਿਟ ਨੇ ਇੱਥੇ ਦੀ ਖਾਲਸਾ ਮਿਡਲ ਸਕੂਲ ਦੀ ਇਮਾਰਤ ਨੂੰ ਅਸੁਰੱਖਿਅਤ ਦੱਸਦੇ ਹੋਏ ਇਸ ਦੇ ਮੁੜ ਨਿਰਮਾਣ ਲਈ 50 ਲੱਖ ਰੁਪਏ ਮਨਜ਼ੂਰ ਕੀਤੇ ਸਨ, ਜਦੋਂ ਕਿ ਦੰਗਿਆਂ 'ਚ ਜਿਨ੍ਹਾਂ ਸਿੱਖਾਂ ਦੀ ਦੁਕਾਨਾਂ ਅਤੇ ਟਰੱਕ ਸਾੜ ਦਿੱਤੇ ਗਏ ਸਨ, ਉਨ੍ਹਾਂ ਨੂੰ 10 ਲੱਖ ਰੁਪਏ ਦੀ ਮਦਦ ਦਾ ਪ੍ਰਸਤਾਵ ਪਾਸ ਕੀਤਾ ਸੀ। ਜ਼ਿਕਰਯੋਗ ਹੈ ਕਿ ਹਿੰਸਾ 'ਚ ਵੱਡੀ ਗਿਣਤੀ 'ਚ ਸਿੱਖਾਂ ਨੂੰ ਨੁਕਸਾਨ ਚੁੱਕਣਾ ਪਿਆ ਸੀ।


Related News