ਸਾਬਕਾ ਫ਼ੌਜੀ ਨਾਲ ਧੱਕਾ-ਮੁੱਕੀ ਕਰ ਕੇ ਖਿੱਚੀ ਪੱਗੜੀ, ਮਮਤਾ ਸਰਕਾਰ 'ਤੇ ਫੁਟਿਆ ਗੁੱਸਾ

Saturday, Oct 10, 2020 - 11:15 AM (IST)

ਸਾਬਕਾ ਫ਼ੌਜੀ ਨਾਲ ਧੱਕਾ-ਮੁੱਕੀ ਕਰ ਕੇ ਖਿੱਚੀ ਪੱਗੜੀ, ਮਮਤਾ ਸਰਕਾਰ 'ਤੇ ਫੁਟਿਆ ਗੁੱਸਾ

ਹਾਵੜਾ— ਪੱਛਮੀ ਬੰਗਾਲ ਦੇ ਹਾਵੜਾ ਵਿਚ ਭਾਜਪਾ ਦੀ ਰੈਲੀ ਦੌਰਾਨ ਇਕ ਸਿੱਖ ਵਿਅਕਤੀ 'ਤੇ ਪੁਲਸ ਵਲੋਂ ਹਮਲਾ ਕੀਤੇ ਜਾਣ ਅਤੇ ਉਸ ਦੀ ਪੱਗੜੀ ਖਿੱਚੇ ਜਾਣ ਦਾ ਮਾਮਲਾ ਗਰਮਾ ਗਿਆ ਹੈ। ਭਾਜਪਾ ਨੇ ਤ੍ਰਿਣਮੂਲ ਕਾਂਗਰਸ 'ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ ਹੈ। ਹਾਲਾਂਕਿ ਪੁਲਸ ਦਾ ਕਹਿਣਾ ਹੈ ਕਿ ਉਕਤ ਸਿੱਖ ਵਿਅਕਤੀ ਦੇ ਹੱਥ ਵਿਚ ਪਿਸਤੌਲ ਸੀ ਅਤੇ ਉਸ ਦੀ ਪੱਗੜੀ ਝੜਪ ਦੌਰਾਨ ਖ਼ੁਦ ਹੀ ਡਿੱਗ ਗਈ ਸੀ। 

 

ਇਸ ਘਟਨਾ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਘਟਨਾ 'ਤੇ ਦੁੱਖ ਜਤਾਇਆ। ਉਨ੍ਹਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਸ਼ੁੱਕਰਵਾਰ ਸ਼ਾਮ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਸਿੰਘ ਨੇ ਮਮਤਾ ਬੈਨਰਜੀ ਨੂੰ ਘਟਨਾ ਨਾਲ ਸੰਬੰਧਤ ਪੁਲਸ ਮੁਲਾਜ਼ਮਾਂ ਖ਼ਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਇਸ ਘਟਨਾ ਦੀਆਂ ਤਸਵੀਰਾਂ ਅਤੇ ਵੀਡੀਓ ਪ੍ਰਸਾਰਿਤ ਹੋਣ ਨਾਲ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ। 

ਪੁਲਸ ਨੇ ਕਿਹਾ ਹੈ ਕਿ ਪੱਗੜੀ ਝੜਪ ਵਿਚ ਖ਼ੁਦ ਹੀ ਡਿੱਗ ਗਈ ਸੀ ਅਤੇ ਸਾਡੇ ਅਧਿਕਾਰੀ ਨੇ ਅਜਿਹੀ ਕੋਈ ਕੋਸ਼ਿਸ਼ ਨਹੀਂ ਕੀਤੀ ਸੀ। ਸਾਡੀ ਭਾਵਨਾ ਕਦੇ ਕਿਸੇ ਭਾਈਚਾਰੇ ਨੂੰ ਠੇਸ ਪਹੁੰਚਾਉਣ ਦੀ ਨਹੀਂ ਰਹੀ। ਤ੍ਰਿਣਮੂਲ ਕਾਂਗਰਸ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸ ਕੇ ਖਾਰਜ ਕਰ ਦਿੱਤਾ। ਉਕਤ ਸਿੱਖ ਵਿਅਕਤੀ ਦੀ ਪਹਿਚਾਣ ਬਠਿੰਡਾ ਵਾਸੀ 43 ਸਾਲ ਦੇ ਬਲਵਿੰਦਰ ਸਿੰਘ ਦੇ ਰੂਪ ਵਿਚ ਹੋਈ ਹੈ। ਓਧਰ ਭਾਜਪਾ ਨੇਤਾਵਾਂ ਦਾ ਦਾਅਵਾ ਹੈ ਕਿ ਭਾਰਤੀ ਫ਼ੌਜ ਦੇ ਸਾਬਕਾ ਫ਼ੌਜੀ ਇਸ ਸਮੇਂ ਇਕ ਭਾਜਪਾ ਨੇਤਾ ਦੇ ਨਿੱਜੀ ਸੁਰੱਖਿਆ ਅਧਿਕਾਰੀ ਦੇ ਰੂਪ ਵਿਚ ਕੰਮ ਕਰ ਰਹੇ ਹਨ। ਪੁਲਸ ਮੁਤਾਬਕ ਉਨ੍ਹਾਂ ਕੋਲ ਇਕ ਪਿਸਤੌਲ ਜ਼ਬਤ ਕੀਤੀ ਗਈ ਹੈ। ਪਿਸਤੌਲ ਦਾ ਲਾਇਸੈਂਸ ਅਗਲੇ ਸਾਲ ਜਨਵਰੀ ਤੱਕ ਵੈਲਿਡ ਹੈ। ਉਸ ਨੇ ਕਿਹਾ ਕਿ ਸੰਬੰਧਤ ਪੁਲਸ ਅਧਿਕਾਰੀ ਨੇ ਉਸ ਨੂੰ ਗ੍ਰਿਫ਼ਤਾਰੀ ਤੋਂ ਪਹਿਲਾਂ ਪੱਗੜੀ ਵਾਪਸ ਪਹਿਨਣ ਨੂੰ ਕਿਹਾ ਸੀ।


author

Tanu

Content Editor

Related News