ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਢੋਂਹਦਿਆਂ ਸਿੱਖ ਨੌਜਵਾਨ ਨੂੰ ਹੋਇਆ ‘ਕੋਰੋਨਾ’, ਹਾਲਤ ਨਾਜ਼ੁਕ, ਹਰ ਕੋਈ ਕਰ ਰਿਹੈ ਦੁਆਵਾਂ
Saturday, May 01, 2021 - 05:35 PM (IST)
ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪੂਰੇ ਦੇਸ਼ ’ਚ ਹਾਹਾਕਾਰ ਹੈ। ਕੋਰੋਨਾ ਦੀ ਦੂਜੀ ਲਹਿਰ ਬੇਹੱਦ ਖ਼ਤਰਨਾਕ ਹੈ। ਵੱਡੀ ਗਿਣਤੀ ’ਚ ਲੋਕ ਕੋਰੋਨਾ ਦੀ ਲਪੇਟ ’ਚ ਆ ਰਹੇ ਹਨ। ਦਿੱਲੀ ’ਚ ਵੀ ਕੋਰੋਨਾ ਦੀ ਦੂਜੀ ਲਹਿਰ ਨੇ ਹਾਹਾਕਾਰ ਮਚਾਈ ਹੋਈ ਹੈ। ਰੋਜ਼ਾਨਾ ਸੈਂਕੜੇ ਲੋਕਾਂ ਦੀ ਮੌਤ ਹੋ ਰਹੀ ਹੈ। ਮਹਾਮਾਰੀ ਦੇ ਇਸ ਦੌਰ ’ਚ ਜਿੱਥੇ ਆਪਣੇ ਵੀ ਕੋਰੋਨਾ ਮਿ੍ਰਤਕਾਂ ਦੇ ਅੰਤਿਮ ਸੰਸਕਾਰ ਲਈ ਹੱਥ ਪਿੱਛੇ ਖਿੱਚ ਰਹੇ ਹਨ ਜਾਂ ਫਿਰ ਮਜਬੂਰੀ ’ਚ ਲਾਸ਼ਾਂ ਦਾ ਸਸਕਾਰ ਤੱਕ ਨਹੀਂ ਕਰ ਪਾ ਰਹੇ ਹਨ ਤਾਂ ਅਜਿਹੇ ਵਿਚ ਇਹ ਸਿੱਖ, ਜਿਸ ਦਾ ਨਾਂ ਜੋਤਜੀਤ ਸਿੰਘ ਹੈ, ਉਹ ਆਪਣੇ ਪਿਤਾ ਅਤੇ ਟੀਮ ਮੈਂਬਰਾਂ ਨਾਲ ਮਿਲ ਕੇ ਲਾਸ਼ਾਂ ਦਾ ਅੰਤਿਮ ਸੰਸਕਾਰ ਕਰ ਰਹੇ ਹਨ।
ਇਹ ਵੀ ਪੜ੍ਹੋ : ਮੀਡੀਆ ਜਗਤ ਤੋਂ ਇਕ ਹੋਰ ਦੁਖ਼ਦ ਖ਼ਬਰ; ਦੂਰਦਰਸ਼ਨ ਦੀ ਐਂਕਰ ਕਨੂੰਪ੍ਰਿਆ ਦੀ ਕੋਰੋਨਾ ਨਾਲ ਮੌਤ
ਸਿੱਖ ਆਪਣੀ ਜਾਨ ’ਤੇ ਖੇਡ ਕੇ ਵੀ ਦੂਜਿਆਂ ਦੀ ਸੇਵਾ ਲਈ ਤੱਤਪਰ ਰਹਿੰਦਾ ਹੈ। ਜੋਤਜੀਤ ਸਿੰਘ ਦੂਜਿਆਂ ਦੀਆਂ ਲਾਸ਼ਾਂ ਢੋਂਹਦਿਆਂ ਖ਼ੁਦ ਕੋਰੋਨਾ ਦੀ ਲਪੇਟ ’ਚ ਆ ਗਿਆ ਹੈ। ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਮੈਂਬਰ ਵਜੋਂ ਸੇਵਾ ਨਿਭਾਅ ਰਹੇ ਜੋਤਜੀਤ ਸਿੰਘ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ। ਹਰ ਕੋਈ ਉਨ੍ਹਾਂ ਲਈ ਦੁਆਵਾਂ ਕਰ ਰਿਹਾ ਹੈ। ਜੋਤਜੀਤ ਸਿੰਘ ਦੇ ਗੰਭੀਰ ਬੀਮਾਰ ਹੋਣ ਮਗਰੋਂ ਵੀ ਉਨ੍ਹਾਂ ਦੇ ਪਿਤਾ ਗੁਰਮੀਤ ਸਿੰਘ ਸ਼ੰਟੀ ਅਤੇ ਪੂਰੀ ਟੀਮ ਮੈਂਬਰਾਂ ਵਲੋਂ ਸੇਵਾਵਾਂ ਲਗਾਤਾਰ ਜਾਰੀ ਹਨ। ਦਿੱਲੀ ਦੇ ਲੋਕਾਂ ਤੋਂ ਇਲਾਵਾ ਦੁਨੀਆ ਦੇ ਹਰ ਕੋਨੇ ’ਚ ਵੱਸਦੀ ਸੰਗਤ ਵਲੋਂ ਜੋਤਜੀਤ ਦੀ ਸਿਹਤਯਾਬੀ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਅੰਗਰੇਜ਼ੀ ਦੇ ਅਧਿਆਪਕ ਬਣੇ ਆਟੋ ਡਰਾਈਵਰ, ਕੋਰੋਨਾ ਮਰੀਜ਼ਾਂ ਦੀ ਮੁਫ਼ਤ ’ਚ ਕਰ ਰਹੇ ਸੇਵਾ
ਦੱਸ ਦੇਈਏ ਕਿ ਪਿਛਲੇ ਸਾਲ ਵੀ ਕੋਰੋਨਾ ਮਿ੍ਰਤਕਾਂ ਦੀਆਂ ਲਾਸ਼ਾਂ ਢੋਂਹਦੇ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰਦਿਆਂ ਦੋਵੇਂ ਪਿਓ-ਪੁੱਤ ਸਣੇ ਜੋਤਜੀਤ ਸਿੰਘ ਦੀ ਮਾਤਾ ਜੀ ਨੂੰ ਵੀ ਕੋਰੋਨਾ ਹੋ ਗਿਆ ਸੀ ਪਰ ਵਾਹਿਗੁਰੂ ਦੀ ਮਿਹਰ ਅਤੇ ਲੋਕਾਂ ਦੀਆਂ ਅਰਦਾਸਾਂ ਸਦਕਾ ਪੂਰਾ ਪਰਿਵਾਰ ਜਲਦ ਤੰਦਰੁਸਤ ਹੋ ਗਿਆ ਸੀ। ਅਸੀਂ ਅਰਦਾਸ ਕਰਦੇ ਹਾਂ ਕਿ ਜੋਤਜੀਤ ਸਿੰਘ ਕੋਰੋਨਾ ਨੂੰ ਮਾਤ ਦੇ ਕੇ ਸੇਵਾ ’ਚ ਜੁੱਟ ਜਾਵੇ। ਇਕ ਵਾਰ ਫਿਰ ਤੋਂ ਸੇਵਾ ਅਤੇ ਇਨਸਾਨੀਅਤ ਦੀ ਮਿਸਾਲ ਕਾਇਮ ਕਰੇ।
ਇਹ ਵੀ ਪੜ੍ਹੋ : ਕੋਰੋਨਾ ਕਾਲ ’ਚ ਇਹ ਸਿੱਖ ਬਣਿਆ ਮਸੀਹਾ, ਸਕੂਟਰੀ ’ਤੇ ‘ਲੰਗਰ’ ਚਲਾ ਲੋੜਵੰਦਾਂ ਦਾ ਭਰ ਰਿਹੈ ਢਿੱਡ