ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਸਿੱਖ ਸਾਹਿਤ ਤੇ ਚਿੱਤਰ ਪ੍ਰਦਰਸ਼ਨੀ ਆਰੰਭ

Saturday, Nov 05, 2022 - 12:19 PM (IST)

ਨਵੀਂ ਦਿੱਲੀ– ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖ ਸਾਹਿਤ ਤੇ ਚਿੱਤਰਾਂ ਦੀ ਪ੍ਰਦਰਸ਼ਨੀ ਸ਼ੁੱਕਰਵਾਰ ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਰੋਵਰ ਦੇ ਕੰਢੇ ’ਤੇ ਆਰੰਭ ਕੀਤੀ ਗਈ ਹੈ। ਇਹ ਪ੍ਰਦਰਸ਼ਨੀ 16 ਨਵੰਬਰ ਤੱਕ ਜਾਰੀ ਰਹੇਗੀ ਤੇ ਸੰਗਤਾਂ ਸਵੇਰੇ 9.00 ਵਜੇ ਤੋਂ ਰਾਤ 9.00 ਵਜੇ ਇਥੇ ਚਿੱਤਰਾਂ ਦੇ ਦਰਸ਼ਨ ਕਰ ਸਕਣਗੀਆਂ ਤੇ ਸਾਹਿਤ ਖਰੀਦ ਸਕਣਗੀਆਂ।

ਇਸ ਗੱਲ ਦੀ ਜਾਣਕਾਰੀ ਦਿੰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਹਰ ਸਾਲ ਗੁਰਪੁਰਬ ਦੇ ਮੌਕੇ ’ਤੇ ਇਹ ਸਿੱਖ ਸਾਹਿਤ ਤੇ ਚਿੱਤਰ ਪ੍ਰਦਰਸ਼ਨੀ ਲਗਾਈ ਜਾਂਦੀ ਹੈ। ਪ੍ਰਦਰਸ਼ਨੀ ’ਚ ਗੁਰੂ ਨਾਨਕ ਦੇਵ ਜੀ ਦੇ ਸਮੁੱਚੇ ਜੀਵਨ ਕਾਲ ਨਾਲ ਸਬੰਧਤ ਚਿੱਤਰ ਪ੍ਰਦਰਸ਼ਤ ਕੀਤੇ ਗਏ ਹਨ, ਜਿਨ੍ਹਾਂ ਵਿਚ ਉਨ੍ਹਾਂ ਦੀਆਂ ਚਾਰ ਉਦਾਸੀਆਂ ਸਬੰਧੀ ਸਾਖੀਆਂ ਤੇ ਕਰਤਾਰਪੁਰ ਸਾਹਿਬ ਵਿਚ ਉਨ੍ਹਾਂ ਵੱਲੋਂ ਖੇਤੀ ਕਰਨ ਸਮੇਤ ਜੀਵਨ ਦੇ ਵੱਖ ਵੱਖ ਪਹਿਲੂਆਂ ਬਾਰੇ ਚਿੱਤਰ ਪ੍ਰਦਰਸ਼ਤ ਕੀਤੇ ਗਏ ਹਨ।

ਉਨ੍ਹਾਂ ਇਹ ਵੀ ਦੱਸਿਆ ਕਿ 5 ਨਵੰਬਰ ਨੂੰ 11.00 ਵਜੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਜੋੜਾ ਘਰ ਤੇ ਕੜਾਹ ਪ੍ਰਸਾਦ ਲਈ ਨਵੀਂ ਇਮਾਰਤ ਬਣਾਈ ਬਾਬਾ ਬੱਚਨ ਸਿੰਘ ਵੱਲੋਂ ਅਰਦਾਸ ਕਰ ਕੇ ਸੰਗਤਾਂ ਨੂੰ ਸਮਰਪਿਤ ਕੀਤੀ ਜਾਵੇਗੀ। ਇਸ ਤੋਂ ਇਲਾਵਾ 7 ਨਵੰਬਰ ਨੂੰ ਸਵੇਰੇ 9.00 ਵਜੇ ਤੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਸ਼ੁਰੂ ਹੋਵੇਗਾ ਜੋ ਸ਼ਾਮ ਨੂੰ ਗੁਰਦੁਆਰਾ ਨਾਨਕ ਪਿਆਓ ਵਿਖੇ ਸਮਾਪਤ ਹੋਵੇਗਾ।


Rakesh

Content Editor

Related News