ਸਿੱਖ ਗ੍ਰੰਥੀ ਨਾਲ ਮੱਧ ਪ੍ਰਦੇਸ਼ ਪੁਲਸ ਦੀ ਕੁੱਟਮਾਰ ਦਾ ਵੀਡੀਓ ਵਾਇਰਲ, ਕਮਲਨਾਥ ਨੇ ਕੀਤੀ ਕਾਰਵਾਈ ਦੀ ਮੰਗ

Friday, Aug 07, 2020 - 05:28 PM (IST)

ਬੜਵਾਨੀ- ਮੱਧ ਪ੍ਰਦੇਸ਼ ਦੇ ਬੜਵਾਨੀ ਜ਼ਿਲ੍ਹੇ 'ਚ ਪੁਲਸ ਦੀ ਬੇਰਹਿਮੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ 'ਚ ਪਲਸੂਦ ਪੁਲਸ ਸਿਕਲਿਕਰ ਸਮਾਜ ਦੇ ਨੌਜਵਾਨ ਦੀ ਬੇਦਰਦੀ ਨਾਲ ਕੁੱਟਮਾਰ ਕਰ ਰਹੀ ਹੈ। ਘਟਨਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿੱਥੇ ਇਸ ਘਟਨਾ ਦੀ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਨਿੰਦਾ ਕਰਦੇ ਹੋਏ ਕਾਰਵਾਈ ਦੀ ਮੰਗ ਕੀਤੀ ਹੈ। ਉੱਥੇ ਹੀ ਐੱਸ.ਡੀ.ਓ.ਪੀ. ਨੇ ਘਟਨਾ ਦੀ ਜਾਂਚ ਤੋਂ ਬਾਅਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
 

ਬੇਰਹਿਮੀ ਨਾਲ ਕੁੱਟਮਾਰ ਕੀਤੀ
ਪਲਸੂਦ ਥਾਣਾ ਖੇਤਰ 'ਚ ਸਿਕਲਿਕਰ ਸਮਾਜ ਦੇ ਨੌਜਵਾਨ ਪ੍ਰੇਮ ਸਿੰਘ ਨਾਲ ਪੁਲਸ ਨੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਮਾਮਲੇ ਨੂੰ ਲੈ ਕੇ ਪ੍ਰੇਮ ਸਿੰਘ ਨੇ ਕਿਹਾ ਕਿ ਉਹ ਤਾਲਾ ਚਾਬੀ ਦੀ ਦੁਕਾਨ ਲਗਾ ਕੇ ਪੁਰਾਣੀ ਪੁਲਸ ਚੌਕੀ ਕੋਲ ਬੈਠਾ ਸੀ, ਜਿੱਥੇ ਪੁਲਸ ਮੁਲਾਜ਼ਮ ਆਏ ਅਤੇ ਉਸ ਤੋਂ ਪੈਸਿਆਂ ਦੀ ਮੰਗ ਕਰਨ ਲੱਗੇ। ਮਨ੍ਹਾ ਕਰਨ 'ਤੇ ਪੁਲਸ ਮੁਲਾਜ਼ਮ ਨੇ ਉਸ ਦੀ ਪੱਗੜੀ ਉਤਾਰ ਕੇ ਘਸੀਟਿਆ ਅਤੇ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ। ਉੱਥੇ ਹੀ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ ਅਤੇ ਹਰ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।


 

ਰਿਪੋਰਟ ਆਉਣ ਤੋਂ ਬਾਅਦ ਜੋ ਵੀ ਉੱਚਿਤ ਕਾਰਵਾਈ ਹੋਵੇਗੀ 
ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਐੱਸ.ਪੀ. ਦਾ ਕਹਿਣਾ ਹੈ ਕਿ ਪੁਲਸ ਵਲੋਂ ਚਲਾਨੀ ਕਾਰਵਾਈ ਕੀਤੀ ਜਾ ਰਹੀ ਸੀ, ਇਸੇ ਕਾਰਨ ਪ੍ਰੇਮ ਸਿੰਘ ਨੂੰ ਵੀ ਰੋਕਿਆ ਗਿਆ ਸੀ। ਲਾਇਸੈਂਸ ਮੰਗਿਆ ਤਾਂ ਇਨ੍ਹਾਂ ਕੋਲ ਨਹੀਂ ਸੀ, ਨਾਲ ਹੀ ਇਕ ਹੋਰ ਜੋ ਇਸ ਨਾਲ ਬਾਈਕ 'ਤੇ ਬੈਠਾ ਸੀ, ਉਸ ਨੇ ਸ਼ਰਾਬ ਪੀਤੀ ਹੋਈ ਸੀ। ਐੱਸ.ਪੀ. ਅਨੁਸਾਰ ਪ੍ਰੇਮ ਸਿੰਘ ਵਿਰੁੱਧ ਜਬਲਪੁਰ 'ਚ ਚੋਰੀ ਦੇ 3 ਮਾਮਲੇ ਦਰਜ ਹਨ ਅਤੇ ਇਸ ਨੇ ਪੁਲਸ ਵਲੋਂ ਥਾਣੇ ਲਿਜਾਉਣ 'ਤੇ ਹੰਗਾਮਾ ਸ਼ੁਰੂ ਕਰ ਦਿੱਤਾ ਸੀ, ਫਿਰ ਵੀ ਉਨ੍ਹਾਂ ਨੇ ਮਾਮਲਾ ਨੋਟਿਸ 'ਚ ਲੈਂਦੇ ਹੋਏ ਐੱਸ.ਡੀ.ਓ.ਪੀ. ਰਾਜਪੁਰ ਨੂੰ ਮਾਮਲੇ ਦੀ ਜਾਂਚ ਸੌਂਪੀ ਹੈ। ਰਿਪੋਰਟ ਆਉਣ ਤੋਂ ਬਾਅਦ ਜੋ ਵੀ ਉੱਚਿਤ ਕਾਰਵਾਈ ਹੋਵੇਗੀ ਕੀਤੀ ਜਾਵੇਗੀ।
 

ਕਮਲਨਾਥ ਨੇ ਵੀਡੀਓ ਸ਼ੇਅਰ ਕਰ ਕਾਰਵਾਈ ਦੀ ਕੀਤੀ ਮੰਗ
ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਘਟਨਾ ਦਾ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਬੜਵਾਨੀ ਦੇ ਪਲਸੂਦ 'ਚ ਪ੍ਰੇਮ ਸਿੰਘ ਗ੍ਰੰਥੀ ਜੋ ਵੀ ਸਾਲਾਂ ਤੋਂ ਪੁਲਸ ਚੌਕੀ ਕੋਲ ਇਕ ਛੋਟੀ ਜਿਹੀ ਦੁਕਾਨ ਲਗਾ ਕੇ ਆਪਣਾ ਜੀਵਨ ਬਿਤਾਉਂਦੇ ਰਹੇ ਹਨ। ਉਨ੍ਹਾਂ ਨੂੰ ਉੱਥੇ ਦੀ ਪੁਲਸ ਨੇ ਅਣਮਨੁੱਖੀ ਤਰੀਕੇ ਨਾਲ ਕੁੱਟਿਆ, ਉਨ੍ਹਾਂ ਦੀ ਪੱਗੜੀ ਉਤਾਰ ਦਿੱਤੀ, ਵਾਲ ਫੜ ਕੇ ਬੁਰੀ ਤਰ੍ਹਾਂ ਸੜਕ 'ਤੇ ਉਨ੍ਹਾਂ ਦੀ ਕੁੱਟਮਾਰ ਕੀਤੀ। ਇਹ ਅੱਤਿਆਚਾਰ ਅਤੇ ਗੁੰਡਾਗਰਦੀ ਹੋ ਕੇ ਸਿੱਖ ਧਰਮ ਦੀਆਂ ਪਵਿੱਤਰ ਧਾਰਮਿਕ ਪਰੰਪਰਾਵਾਂ ਦਾ ਅਪਮਾਨ ਵੀ ਹੈ। ਅਜਿਹੀਆਂ ਘਟਨਾਵਾਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ ਹਨ। ਮੈਂ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਤੁਰੰਤ ਦੋਸ਼ੀਆਂ 'ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਅਤੇ ਪੀੜਤ ਵਿਅਕਤੀ ਨੂੰ ਨਿਆਂ ਮਿਲੇ।


DIsha

Content Editor

Related News