ਅਫ਼ਗਾਨਿਸਤਾਨ ਤੋਂ ਆਏ ਸਿੱਖਾਂ ਨੇ ਬਿਆਨ ਕੀਤਾ ਦਰਦ, ਕਿਹਾ- ਕਈ ਦਿਨਾਂ ਬਾਅਦ ਸਕੂਨ ਦੀ ਨੀਂਦ ਸੁੱਤੇ
Sunday, Aug 07, 2022 - 11:50 AM (IST)
ਨਵੀਂ ਦਿੱਲੀ– ਬੀਤੇ ਦਿਨੀਂ ਅਫ਼ਗਾਨਿਸਤਾਨ ਤੋਂ ਭਾਰਤ ਲੱਗਭਗ 30 ਸਿੱਖ ਪਰਤੇ, ਜਿਨ੍ਹਾਂ ’ਚ ਕੁਝ ਬੱਚੇ ਵੀ ਹਨ। ਇਨ੍ਹਾਂ ਸਿੱਖ ਪਰਿਵਾਰਾਂ ਨੇ ਹੁਣ ਇੱਥੇ ਪਨਾਹ ਲੈ ਲਈ ਹੈ। ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਸੱਤਾ ’ਚ ਪਰਤ ਆਉਣ ਮਗਰੋਂ ਉੱਥੇ ਸਥਿਤੀ ਵਿਗੜਨ ਲੱਗੀ ਸੀ। ਇੱਥੇ ਕੱਟੜਪੰਥੀ ਘੱਟ ਗਿਣਤੀਆਂ ’ਤੇ ਜ਼ੁਲਮ ਢਾਹ ਰਹੇ ਸਨ। ਭਾਰਤ ਸਰਕਾਰ ਵਲੋਂ ਪ੍ਰਭਾਵਿਤ ਸਿੱਖਾਂ ਨੂੰ ਲਿਆਉਣ ਲਈ ਈ-ਵੀਜ਼ਾ ਦੀ ਵਿਵਸਥਾ ਕੀਤੀ ਗਈ।
ਇਹ ਵੀ ਪੜ੍ਹੋ- ਅਫਗਾਨਿਸਤਾਨ ’ਚ ਜ਼ੁਲਮਾਂ ਦਰਮਿਆਨ ਭਾਰਤ ਪਹੁੰਚੇ 30 ਹੋਰ ਸਿੱਖ, ਚਿਹਰੇ ’ਤੇ ਦਿੱਸੀ ਖੁਸ਼ੀ (ਤਸਵੀਰਾਂ)
ਪਹਿਲੀ ਵਾਰ ਆਰਾਮ ਦੀ ਨੀਂਦ ਸੁੱਤੇ
ਇਹ ਸਿੱਖ ਪਰਿਵਾਰ ਹੁਣ ਭਾਰਤ ਪਰਤ ਕੇ ਬਹੁਤ ਖੁਸ਼ ਹਨ। ਇਨ੍ਹਾਂ ਸਿੱਖਾਂ ’ਚੋਂ ਇਕ ਸਿੱਖ ਤਰਨ ਸਿੰਘ ਨੇ ਕਿਹਾ ਕਿ ਤਾਲਿਬਾਨ ਦੇ ਸੱਤਾ ’ਚ ਪਰਤਣ ਮਗਰੋਂ ਉੱਥੇ ਸਥਿਤੀ ਵਿਗੜਨ ਲੱਗੀ। ਉਨ੍ਹਾਂ ਕਿਹਾ ਕਿ ਕਈ ਦਿਨਾਂ ਬਾਅਦ ਅਸੀਂ ਸਕੂਨ ਦੀ ਨੀਂਦ ਸੁੱਤੇ ਹਾਂ। ਆਪਣਾ ਦਰਦ ਬਿਆਨ ਕਰਦੇ ਹੋਏ ਸਿੱਖ ਪਰਿਵਾਰਾਂ ਨੇ ਕਿਹਾ ਕਿ ਉਥੇ ਜਾਨ ਦਾ ਡਰ ਸੀ। ਸਾਡੇ ਬੱਚੇ ਸਕੂਲ ਨਹੀਂ ਜਾ ਸਕਦੇ ਸੀ।
ਦਿਲ ਦੀ ਬੀਮਾਰੀ ਨਾਲ ਜੂਝ ਰਿਹਾ ਹੈ ਅਵਨੀਤ
ਅਫ਼ਗਾਨਿਸਤਾਨ ਤੋਂ ਆਏ ਨਵੇਂ ਜਥੇ ’ਚ 3 ਸਾਲ ਦਾ ਅਵਨੀਤ ਵੀ ਸ਼ਾਮਲ ਹੈ। ਅਵਨੀਤ ਨੂੰ ਦਿਲ ਦੀ ਬੀਮਾਰੀ ਹੈ। ਅਵਨੀਤ ਦੇ ਮਾਤਾ-ਪਿਤਾ ਜਲਾਲਾਬਾਦ ’ਚ ਇਕ ਛੋਟੀ ਜਿਹੀ ਕਾਸਮੈਟਿਕਸ ਦੀ ਦੁਕਾਨ ਨਾਲ ਆਪਣੀ ਰੋਜ਼ੀ-ਰੋਟੀ ਚਲਾਉਂਦੇ ਸਨ। ਉਨ੍ਹਾਂ ਦੱਸਿਆ ਕਿ ਸਾਡੇ ਕੋਲ ਵੀਜ਼ਾ ਸੀ, ਇਸ ਲਈ ਅਸੀਂ ਅਵਨੀਤ ਨੂੰ ਪਾਕਿਸਤਾਨ ਦੇ ਪੇਸ਼ਾਵਰ ਲੈ ਗਏ। ਜਿੱਥੇ ਉਨ੍ਹਾਂ ਨੇ ਦਵਾਈਆਂ ਦਿੱਤੀਆਂ ਅਤੇ 3 ਮਹੀਨੇ ਬਾਅਦ ਸਾਨੂੰ ਵਾਪਸ ਜਾਣ ਨੂੰ ਕਿਹਾ। ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਭਾਰਤ ਵਿਚ ਉਸਦਾ ਇਲਾਜ ਕਰਵਾਉਣ ਦੇ ਯੋਗ ਹੋਵਾਂਗੇ।
ਇਕ ਸਾਲ ਘਰ ’ਚ ਕੈਦ ਰਹੀ-
ਓਧਰ 25 ਸਾਲਾ ਗੁਰ ਗੁਰਮੀਤ ਸਿੰਘ ਨੇ ਕਿਹਾ ਕਿ ਕੱਲ ਅਸੀਂ ਪਹਿਲੀ ਰਾਤ ਬਿਨਾਂ ਡਰ ਦੇ ਆਰਾਮ ਨਾਲ ਸੁੱਤੇ। ਇਸ ਸਾਲ ਜੂਨ ’ਚ ਕਾਬੁਲ ਦੇ ‘ਕਰਤਾ ਪਰਵਾਨ’ ਗੁਰਦੁਆਰਾ ਸਾਹਿਬ ’ਤੇ ਹੋਏ ਹਮਲੇ ਨੇ ਸਾਨੂੰ ਅਫ਼ਗਾਨਿਸਤਾਨ ਛੱਡ ਕੇ ਸੁਰੱਖਿਅਤ ਸਥਾਨ ’ਤੇ ਜਾਣ ਨੂੰ ਮਜਬੂਰ ਕਰ ਦਿੱਤਾ। ਗੁਰਮੀਤ ਦੀ ਪਤਨੀ ਮਨਮੀਤ ਕੌਰ ਪਿਛਲੇ ਸਾਲ ਵਿਆਹ ਮਗਰੋਂ ਜਲਾਲਾਬਾਦ ’ਚ ਆਪਣੇ ਘਰ ’ਚ ਹੀ ਕੈਦ ਰਹੀ। ਮਨਮੀਤ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਇਕ ਸਾਲ ਤੋਂ ਉਹ ਬਾਹਰ ਨਹੀਂ ਨਿਕਲੀ, ਜਦੋਂ ਬਹੁਤ ਜ਼ਰੂਰੀ ਹੋਵੇ ਅਤੇ ਉਹ ਵੀ ਸਿਰ ਤੋਂ ਪੈਰ ਤੱਕ ਪੂਰੀ ਤਰ੍ਹਾਂ ਢੱਕ ਕੇ ਬਾਹਰ ਜਾਂਦੀ ਸੀ। ਮਨਮੀਤ ਨੇ ਕਿਹਾ ਕਿ ਮੈਂ ਪਹਿਲੀ ਵਾਰ ਆਜ਼ਾਦ ਮਹਿਸੂਸ ਕਰ ਰਹੀ ਹਾਂ। ਬਿਨਾਂ ਕਿਸੇ ਰੋਕ-ਟੋਕ ਦੇ ਸਵੇਰੇ ਗੁਰਦੁਆਰਾ ਸਾਹਿਬ ਗਈ। ਭਾਰਤ ਦੇ ਗੁਰਦੁਆਰਾ ਸਾਹਿਬ ਅਤੇ ਭਾਈਚਾਰੇ ਦੇ ਮੈਂਬਰ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਖਿਆਲ ਰੱਖ ਰਹੇ ਹਨ।
SGPC ਕਰ ਰਹੀ ਹਰ ਸੰਭਵ ਮਦਦ
ਓਧਰ SGPC ਨੇ ਕਿਹਾ ਕਿ ਉਸ ਨੇ ਅਫ਼ਗਾਨਿਸਤਾਨ ਤੋਂ ਪਰਤੇ ਇਨ੍ਹਾਂ ਸਿੱਖਾਂ ਦੇ ਠਹਿਰਣ ਦੀ ਵਿਵਸਥਾ ਕੀਤੀ ਹੈ। SGPC ਨੇ ਇਕ ਬਿਆਨ ’ਚ ਕਿਹਾ ਕਿ ਘੱਟੋ-ਘੱਟ 110 ਅਫਗਾਨ ਸਿੱਖ ਅਜੇ ਵੀ ਉੱਥੇ ਫਸੇ ਹੋਏ ਹਨ। SGPC ਮੁਤਾਬਕ ਕਰੀਬ 30 ਅਫ਼ਗਾਨ-ਸਿੱਖਾਂ ਨੂੰ ਬੁੱਧਵਾਰ ਨੂੰ ਸੁਰੱਖਿਅਤ ਕੱਢ ਲਿਆ ਗਿਆ ਅਤੇ ਉਹ ਮੌਜੂਦਾ ਸਮੇਂ ’ਚ ਤਿਲਕ ਨਗਰ ਸਥਿਤ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ’ਚ ਰਹਿ ਰਹੇ ਹਨ। ਉਨ੍ਹਾਂ ਨੂੰ ਛੇਤੀ ਹੀ ਗੁਰਦੁਆਰਾ ਕਮੇਟੀ ਵਲੋਂ ਆਵਾਸ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਅਸੀਂ ਆਪਣੇ ਵਲੋਂ ਹਰਸੰਭਵਨ ਮਦਦ ਪ੍ਰਦਾਨ ਕਰ ਰਹੇ ਹਾਂ।