ਕੋਰੋਨਾ ਜਾਂਚ ਨੈਗੇਟਿਵ ਆਉਣ ਮਗਰੋਂ ਸਿੱਧਰਮਈਆ ਨੂੰ ਹਸਪਤਾਲ ਤੋਂ ਮਿਲੀ ਛੁੱਟੀ
Thursday, Aug 13, 2020 - 06:10 PM (IST)

ਬੈਂਗਲੁਰੂ— ਕੋਵਿਡ-19 ਦੇ ਇਲਾਜ ਲਈ ਇਕ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿੱਧਰਮਈਆ ਨੂੰ ਵਾਇਰਸ ਮੁਕਤ ਹੋਣ ਤੋਂ ਬਾਅਦ ਵੀਰਵਾਰ ਯਾਨੀ ਕਿ ਅੱਜ ਹਸਪਤਾਲ ਤੋਂ ਛੁੱਟੀ ਮਿਲ ਗਈ। ਸਿੱਧਰਮਈਆ ਦੇ ਦਫ਼ਤਰ ਨੇ ਇਕ ਬਿਆਨ 'ਚ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬਿਆਨ ਵਿਚ ਦੱਸਿਆ ਗਿਆ ਕਿ ਕੋਰੋਨਾ ਦੀ ਦੂਜੀ ਜਾਂਚ ਰਿਪੋਰਟ ਵੀ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚੋਂ ਛੁੱਟੀ ਮਿਲ ਗਈ।
ਬਿਆਨ ਵਿਚ ਦੱਸਿਆ ਕਿ 3 ਅਗਸਤ ਨੂੰ ਸਿੱਧਰਮਈਆ ਨੂੰ ਪਿਸ਼ਾਬ 'ਚ ਇਨਫੈਕਸ਼ਨ ਦੇ ਇਲਾਜ ਲਈ ਦਾਖ਼ਲ ਕਰਾਇਆ ਗਿਆ ਸੀ। ਬਾਅਦ 'ਚ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਹੁਣ ਡਾਕਟਰਾਂ ਦੀ ਸਲਾਹ ਮੁਤਾਬਕ 72 ਸਾਲਾ ਨੇਤਾ ਘਰ 'ਚ ਹੀ ਇਕ ਹਫ਼ਤੇ ਤੱਕ ਆਰਾਮ ਕਰਨਗੇ। ਸਿੱਧਰਮਈਆ ਨੇ ਪਿਛਲੇ 10 ਦਿਨਾਂ ਤੋਂ ਮਣੀਪਾਲ ਹਸਪਤਾਲ 'ਚ ਇਲਾਜ ਕਰਨ ਅਤੇ ਦੇਖਭਾਲ ਕਰਨ ਵਾਲੇ ਡਾਕਟਰਾਂ ਅਤੇ ਸਿਹਤ ਕਾਮਿਆਂ ਦਾ ਧੰਨਵਾਦ ਕੀਤਾ। ਬਿਆਨ ਵਿਚ ਕਿਹਾ ਗਿਆ ਕਿ ਸਾਬਕਾ ਮੁੱਖ ਮੰਤਰੀ ਨੇ ਉਨ੍ਹਾਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕਰਨ ਵਾਲੇ ਸੂਬੇ ਦੇ ਲੋਕਾਂ ਅਤੇ ਹੋਰ ਲੋਕਾਂ ਪ੍ਰਤੀ ਧੰਨਵਾਦ ਜ਼ਾਹਰ ਕੀਤਾ। ਇਸੇ ਮਣੀਪਾਲ ਹਸਪਤਾਲ ਵਿਚ ਕੋਵਿਡ-19 ਬੀਮਾਰੀ ਦੇ ਇਲਾਜ ਤੋਂ ਬਾਅਦ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਨੂੰ ਸੋਮਵਾਰ ਨੂੰ ਛੁੱਟੀ ਦੇ ਦਿੱਤੀ ਗਈ ਸੀ। ਉਹ ਅਜੇ ਵੀ ਘਰ 'ਚ ਕੁਆਰੰਟੀਨ ਵਿਚ ਹਨ।