ਬਿਮਾਰ ਪਤਨੀ ਨਾ ਬਣਾ ਸਕੀ ਖਾਣਾ, ਹੈਵਾਨ ਪਤੀ ਨੇ ਬੱਚਿਆਂ ਦੇ ਸਾਹਮਣੇ ਕੀਤਾ ਖ਼ੌਫ਼ਨਾਕ ਕਾਰਾ
Sunday, Feb 08, 2026 - 04:18 PM (IST)
ਨੈਸ਼ਨਲ ਡੈਸਕ : ਮੱਧ ਪ੍ਰਦੇਸ਼ ਦੇ ਗਵਾਲੀਅਰ ਸ਼ਹਿਰ ਵਿੱਚ ਇੱਕ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਨੇ ਆਪਣੀ ਬੀਮਾਰ ਪਤਨੀ ਦੀ ਸਿਰਫ਼ ਇਸ ਲਈ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਕਿਉਂਕਿ ਉਸ ਨੇ ਖਾਣਾ ਬਣਾਉਣ ਤੋਂ ਮਨਾ ਕਰ ਦਿੱਤਾ ਸੀ। ਪੁਲਸ ਨੇ ਮੁਲਜ਼ਮ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਨਸ਼ੇ ਦੀ ਹਾਲਤ ਵਿੱਚ ਘਰ ਪਹੁੰਚਿਆ ਸੀ ਮੁਲਜ਼ਮ
ਪੁਲਸ ਅਧਿਕਾਰੀ ਅਤੁਲ ਸੋਨੀ ਅਨੁਸਾਰ ਇਹ ਘਟਨਾ ਸ਼ਨੀਵਾਰ ਦੇਰ ਰਾਤ ਕਰੀਬ 11 ਵਜੇ ਵਾਪਰੀ। ਮੁਲਜ਼ਮ ਸੋਨੂ ਤੋਮਰ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਕੇ ਘਰ ਪਹੁੰਚਿਆ ਅਤੇ ਆਪਣੀ 35 ਸਾਲਾ ਪਤਨੀ ਰੁਚੀ ਨੂੰ ਖਾਣਾ ਬਣਾਉਣ ਲਈ ਕਿਹਾ। ਰੁਚੀ, ਜੋ ਕਿ ਬੀਮਾਰ ਸੀ, ਨੇ ਜਦੋਂ ਖਾਣਾ ਬਣਾਉਣ ਤੋਂ ਅਸਮਰੱਥਾ ਜਤਾਈ ਤਾਂ ਗੁੱਸੇ ਵਿੱਚ ਆਏ ਸੋਨੂ ਨੇ ਉਸ 'ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮਾਸੂਮ ਬੱਚਿਆਂ ਦੇ ਸਾਹਮਣੇ ਹੋਇਆ ਕਤਲ
ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਸਮੇਂ ਇਹ ਵਾਰਦਾਤ ਵਾਪਰੀ, ਘਰ ਵਿੱਚ ਮ੍ਰਿਤਕਾ ਦੇ ਸੱਸ-ਸਹੁਰਾ ਅਤੇ ਉਸ ਦੇ ਦੋ ਬੱਚੇ (14 ਸਾਲਾ ਬੇਟੀ ਅਤੇ 11 ਸਾਲਾ ਬੇਟਾ) ਵੀ ਮੌਜੂਦ ਸਨ। ਵਾਰਦਾਤ ਤੋਂ ਬਾਅਦ ਮੁਲਜ਼ਮ ਦਾ ਪਿਤਾ ਜਗਦੀਸ਼ ਤੋਮਰ ਤੁਰੰਤ ਪੁਲਿਸ ਕੋਲ ਪਹੁੰਚਿਆ ਅਤੇ ਘਟਨਾ ਦੀ ਜਾਣਕਾਰੀ ਦਿੱਤੀ।
ਕਤਲ ਤੋਂ ਬਾਅਦ ਮੁੜ ਸ਼ਰਾਬ ਪੀਣ ਚਲਾ ਗਿਆ ਮੁਲਜ਼ਮ
ਪੁਲਸ ਮੁਤਾਬਕ ਆਪਣੀ ਪਤਨੀ ਦਾ ਕਤਲ ਕਰਨ ਤੋਂ ਬਾਅਦ ਮੁਲਜ਼ਮ ਸੋਨੂ ਫਰਾਰ ਹੋ ਗਿਆ ਅਤੇ ਗਵਾਲੀਅਰ ਸਟੇਸ਼ਨ ਨੇੜੇ ਮੁੜ ਸ਼ਰਾਬ ਪੀਣ ਚਲਾ ਗਿਆ। ਜਦੋਂ ਉਹ ਵਾਪਸ ਘਰ ਪਰਤਿਆ ਤਾਂ ਪੁਲਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਸ਼ੁਰੂਆਤੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸ ਨੇ ਕਤਲ ਵਿੱਚ ਵਰਤਿਆ ਹਥਿਆਰ ਰਸਤੇ ਵਿੱਚ ਕਿਤੇ ਸੁੱਟ ਦਿੱਤਾ ਹੈ, ਜਿਸ ਦੀ ਭਾਲ ਜਾਰੀ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
